ਨਿਊਜ਼ ਡੈਸਕ : ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਹਿੰਦੀ ਹੈ । ਤਾਜ਼ਾ ਮਾਮਲਾ ਦਸਤਾਰ ਨੂੰ ਲੈ ਕੇ ਹੈ। ਦਰਅਸਲ ਬੀਤੇ ਦਿਨੀਂ ਲੁਧਿਆਣਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੇਰਕਾ ਮਿਲਕ ਪਲਾਂਟ ਦਾ ਉਦਘਾਟਨ ਕਰਨ ਗਏ ਸਨ ਜਿੱਥੇ ਕਿ ਦਸਤਾਰਾਂ ਦੇ ਭੇਦਭਾਵ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਸਲੇ ਤੇ ਸਿਆਸਤ ਗਰਮਾ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ ਦਲਜੀਤ ਸਿੰਘ ਚੀਮਾ ਵੱਲੋਂ ਇਸ ਤੇ ਪ੍ਰਤੀਕਿਰਿਆ ਦਿੰਦਿਆਂ ਮਾਨ ਸਰਕਾਰ ਨੂੰ ਘੇਰਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਸਮਾਗਮ ਵਿੱਚ ਜਿਹੜੇ ਸਿੱਖ ਨੌਜਵਾਨ ਕਾਲੀਆਂ ਦਸਤਾਰਾਂ ਸਜਾ ਕੇ ਗਏ ਸਨ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਗਿਆ ਜਿਹੜਾ ਕਿ ਦਸਤਾਰ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਕਾਲਾ ਨੀਲਾ ਤੇ ਕੇਸਰੀ ਰੰਗ ਖ਼ਾਲਸਾਈ ਰੰਗ ਹਨ ਅਤੇ ਕਿਸ ਵਿਅਕਤੀ ਨੇ ਕਿਹੜੇ ਰੰਗ ਦੀ ਪੱਗ ਬੰਨਣੀ ਉਸਦੀ ਆਪਣੀ ਨਿੱਜੀ ਇੱਛਾ ਹੈ । ਚੀਮਾ ਨੇ ਕਿਹਾ ਕਿ ਇਸ ਦੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਸਿੱਖ ਭਰਾਵਾਂ ਦੀ ਇੱਜ਼ਤ ਪੱਗ ਨੂੰ ਹੱਥ ਕਿਸ ਨੇ ਪਾਇਆ ਅਤੇ ਕਿਸ ਦੇ ਹੁਕਮਾਂ ਤੇ ਪਾਇਆ। ਚੀਮਾ ਨੇ ਕਿਹਾ ਕਿ ਇਕ ਛੋਟੀ ਗੱਲ ਨਹੀਂ ਹੈ ਅਤੇ ਮੁੱਖ ਮੰਤਰੀ ਨੂੰ ਇਸ ਦੀ ਤਹਿ ਤਕ ਜਾਣਾ ਚਾਹੀਦਾ ਹੈ ਅਤੇ ਜੇਕਰ ਉਹ ਇਸ ਦੀ ਛਾਣਬੀਣ ਨਹੀਂ ਕਰਦੇ ਤਾਂ ਇਹ ਮੰਨਿਆ ਜਾਵੇਗਾ ਕਿ ਇਹ ਆਦੇਸ਼ ਮੁੱਖ ਮੰਤਰੀ ਵੱਲੋਂ ਖੁਦ ਵੱਲੋਂ ਆਏ ਸਨ ।