-ਗੁਰਮੀਤ ਸਿੰਘ ਪਲਾਹੀ
ਭਾਰਤੀ ਵਿਦੇਸ਼ ਮੰਤਰਾਲੇ ਅਨੁਸਾਰ ਵਿਸ਼ਵ ਭਰ ‘ਚ ਭਾਰਤੀ ਮੂਲ ਦੇ ਤਿੰਨ ਕਰੋੜ ਵੀਹ ਲੱਖ ਲੋਕਾਂ ਤੋਂ ਜ਼ਿਆਦਾ ਲੋਕ ਵੱਖੋਂ-ਵੱਖਰੇ ਦੇਸ਼ਾਂ ਵਿੱਚ ਵੱਸਦੇ ਹਨ। ਪ੍ਰਵਾਸ ਹੰਢਾ ਰਹੇ ਭਾਰਤੀਆਂ ਦੀ ਵਿਸ਼ਵ ਭਰ ਵਿੱਚ ਇਹ ਸਭ ਤੋਂ ਵੱਡੀ ਆਬਾਦੀ ਹੈ।
ਵਿਕਾਸਸ਼ੀਲ ਦੇਸ਼ਾਂ ਅਮਰੀਕਾ, ਕੈਨੇਡਾ, ਬਰਤਾਨੀਆ,ਅਸਟਰੇਲੀਆ, ਨੀਊਜ਼ੀਲੈਂਡ ਸਮੇਤ 15 ਮੁਲਕਾਂ ਵਿੱਚ 200 ਤੋਂ ਜ਼ਿਆਦਾ ਭਾਰਤੀ ਮੂਲ ਦੇ 200 ਤੋਂ ਵੱਧ ਵਿਅਕਤੀ ਅਗਵਾਈ ਵਾਲੇ ਆਹੁਦਿਆਂ ‘ਤੇ ਕਾਬਜ਼ ਹਨ। ਇਹ ਰਿਪੋਰਟ ਭਾਰਤੀ ਭਾਈਚਾਰੇ ਦਰਮਿਆਨ ਕੰਮ ਕਰ ਰਹੇ ਅਮਰੀਕੀ ਸੰਗਠਨ ਵਲੋਂ ਪਹਿਲੀ ਵੇਰ ਛਾਪੀ ਗਈ ਹੈ। ਇਹਨਾ 100 ਪ੍ਰਭਾਵਸ਼ਾਲੀ ਸਖ਼ਸ਼ੀਅਤਾਂ ਵਿੱਚੋਂ 60 ਵਿਅਕਤੀ ਕੈਬਨਿਟ ਰੈਂਕ ਦੇ ਅਹੁਦਿਆਂ ਉਤੇ ਬਿਰਾਜਮਾਨ ਹਨ। ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ਦੇ ਉਪ ਰਾਸ਼ਟਰਪਤੀ ਦੇ ਰੂਪ ‘ਚ ਪਹਿਲੀ ਸਖ਼ਸ਼ੀਅਤ ਭਾਰਤੀ ਵਿਰਾਸਤ ਤੋਂ ਕਿਸੇ ਦਾ ਹੋਣਾ ਵੱਡੇ ਮਾਣ ਵਾਲੀ ਗੱਲ ਹੈ। ਕਮਲਾ ਹੈਰਿਸ ਇਸ ਵੇਲੇ ਅਮਰੀਕਾ ਦੀ ਉਪ ਰਾਸ਼ਟਰਪਤੀ ਹੈ। ਕੀ ਇਹ ਵੀ ਕੋਈ ਘੱਟ ਮਾਣ ਵਾਲੀ ਗੱਲ ਹੈ ਕਿ ਬਰਤਾਨੀਆ, ਜਿਹੜਾ ਕਦੇ ਭਾਰਤ ਤੇ ਭਾਰਤੀਆਂ ਉਤੇ ਰਾਜ ਕਰਦਾ ਸੀ, ਉਸੇ ਬਰਤਾਨੀਆ ਵਿੱਚ ਕੈਬਨਿਟ ਦੀ ਵਿੱਤ ਮੰਤਰੀ ਰਿਸ਼ੀ ਸੁਨਕ ਹੈ, ਜਿਸਨੂੰ ਟਾਈਮ ਪੱਤਰਕਾ ਨੇ ਜਾਰੀ ਕੀਤੀ 100 ਉਭਰਦੇ ਸ਼ਕਤੀਸ਼ਾਲੀ ਨੇਤਾਵਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ।
ਅੱਜ ਜਦੋਂ ਪੂਰਾ ਬ੍ਰਹਿਮੰਡ, ਇੱਕ ਪਿੰਡ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ, ਭਾਰਤੀ ਪ੍ਰਭਾਵਸ਼ਾਲੀ ਲੋਕ ਇਸ ਪਿੰਡ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਅੱਗੇ ਆ ਰਹੇ ਹਨ। ਉਹਨਾ ਵਿੱਚ ਨੇਤਾ ਵੀ ਹਨ, ਡਾਕਟਰ ਵੀ ਹਨ, ਇੰਜੀਨੀਅਰ ਵੀ ਹਨ, ਕਾਰੋਬਾਰੀ ਵੀ ਹਨ, ਟੈਕਨੋਕਰੇਟ ਵੀ ਹਨ। ਦੁਨੀਆ ਦੇ ਕੋਨੇ-ਕੋਨੇ ‘ਚ ਵਸੀਆਂ ਇਹ ਭਾਰਤੀ ਸਖ਼ਸ਼ੀਅਤਾਂ ਆਪਣੀ ਕਰੜੀ ਮਿਹਨਤ, ਹਿੰਮਤ ਸਦਕਾ ਆਪਣਾ ਨਾਂਅ ਹੀ ਨਹੀਂ ਚਮਕਾ ਰਹੀਆਂ, ਦੁਨੀਆਂ ਦੇ ਭਲੇ ਲਈ ਹੀ ਕਾਰਜ਼ਸ਼ੀਲ ਨਹੀਂ ਹਨ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵਿਰਾਸਤ ਦਾ ਨਿਰਮਾਣ ਕਰ ਰਹੀਆਂ ਹਨ ਅਤੇ ਆਪਣੇ ਭਾਈਚਾਰੇ ਤੋਂ ਪਰ੍ਹੇ ਜਾ ਕੇ ਦੁਨੀਆ ਦੇ ਸਾਰੇ ਹਿੱਸਿਆਂ ਅਤੇ ਭਾਈਚਾਰਿਆਂ ਤੱਕ ਪੁੱਜ ਰਹੀਆਂ ਹਨ, ਸੇਵਾ ਕਰ ਰਹੀਆਂ ਹਨ।
ਪ੍ਰਵਾਸ ਹੰਢਾ ਰਹੇ ਭਾਰਤੀਆਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਅਮਰੀਕਾ, ਕੈਨੇਡਾ, ਬਰਤਾਨੀਆ ਵਰਗੇ ਮੁਲਕਾਂ ਵਿੱਚ ਵਸੇ ਪ੍ਰਵਾਸੀਆਂ ਦੀਆਂ ਪਹਿਲੀਆਂ ਪੀੜ੍ਹੀਆਂ ਆਮ ਤੌਰ ਤੇ ਅਨਪੜ੍ਹ ਜਾਂ ਬਹੁਤੀਆਂ ਪੜ੍ਹੀਆਂ ਲਿਖੀਆਂ ਨਹੀਂ ਸਨ, ਪਰ ਇਹਨਾਂ ਪ੍ਰਵਾਸੀ ਭਾਰਤੀਆਂ ਨੇ ਵੱਡੀ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਅਤੇ ਉਂਥੋ ਦੀ ਸੱਭਿਅਤਾ ਵਿੱਚ ਵਿਚਰਨ ਦਾ ਮੌਕਾ ਦਿੱਤਾ। ਸਿੱਟੇ ਵਜੋਂ ਇਕ ਅਗਲੀ ਪੀੜ੍ਹੀ ਨੇ ਉਥੋਂ ਦੀ ਰਾਜਨੀਤੀ, ਕਾਰੋਬਾਰ, ਆਧੁਨਿਕ ਖੇਤੀਬਾੜੀ, ਟੈਕਨੋਲੋਜੀ ’ਚ ਪੈਰ ਪਸਾਰੇ। ਇਹਨਾਂ ਲੋਕਾਂ ਦੀ ਮਿਹਨਤ ਹੀ ਰੰਗ ਲਿਆਈ ਹੈ ਕਿ ਦੁਨੀਆਂ ਦੇ ਮੰਨੇ-ਪ੍ਰਮੰਨੇ ਵਿਕਾਸਸ਼ੀਲ ਦੇਸ਼ ਕੈਨੇਡਾ ਵਰਗੇ ਮੁਲਕ ਵਿੱਚ ਉਥੇ ਦੀ ਸਿਆਸਤ ਉਤੇ ਭਾਰਤੀ ਭਾਰੂ ਹਨ ਅਤੇ ਲਗਭਗ ਅੱਧ ਦਰਜ਼ਨ ਪੰਜਾਬੀ ਭਾਰਤੀ ਕੈਨੇਡਾ ਕੈਬਨਿਟ ’ਚ ਸਥਾਨ ਪਾ ਕੇ ਬੈਠੇ ਹਨ, ਇਥੋਂ ਤੱਕ ਕਿ ਕੈਨੇਡਾ ਦਾ ਰੱਖਿਆ ਮੰਤਰੀ ਪੰਜਾਬੀ (ਭਾਰਤੀ) ਮੂਲ ਦਾ ਹਰਜੀਤ ਸਿੰਘ ਸਾਜਨ ਹੈ। ਇਥੇ ਹੀ ਬੱਸ ਨਹੀਂ ਟਾਈਮ ਪੱਤਰਕਾ ਨੇ ਦੁਨੀਆਂ ਦੇ 100 ਉਭਰਵੇਂ ਨੇਤਾਵਾਂ ਦੀ ਜੋ ਸੂਚੀ ਜਾਰੀ ਕੀਤੀ ਹੈ, ਉਸ ਵਿੱਚ ਵਿਦੇਸ਼ ਵਸਦੇ ਭਾਰਤੀ ਮੂਲ ਦੇ ਪੰਜ ਨੇਤਾਵਾਂ/ਸਖਸ਼ੀਅਤਾਂ ਜਿਹਨਾਂ ਵਿੱਚ ਬਿ੍ਰਟੇਨ ਦੇ ਵਿੱਤ ਮੰਤਰੀ ਰਿਸ਼ੀ ਸੂਨਾਕ, ਇੰਸਟਾਕਾਰਟ ਦੀ ਸੀ.ਈ.ਓ. ਅਪੂਰਵਾ ਮਹਿਤਾ, ਗੈੱਟਅਸ ਪੀ.ਪੀ.ਈ. ਦੀ ਡਾਕਟਰ ਸ਼ਿਖਾ ਗੁਪਤਾ, ਗੈਰ ਲਾਭਕਾਰੀ ਸੰਗਠਨ ਅਪਸੋਲਵ ਦਾ ਸੰਸਥਾਪਕ ਚੋਹਾਨ ਪਵੁਲਰੀ ਅਤੇ ਟਵਿੱਟਰ ਦੀ ਵਕੀਲ ਵਿਜਯਾ ਗੱਡੇ ਸ਼ਾਮਲ ਹਨ।
ਭਾਰਤੀ ਮੂਲ ਦੀ ਪ੍ਰਸਿੱਧ ਸਖਸ਼ੀਅਤ ਕਾਰੋਬਾਰੀ ਸਵਰਗੀ ਨਰਿੰਦਰ ਸਿੰਘ ਕੰਪਾਨੀ ਨੂੰ ਕੌਣ ਨਹੀਂ ਜਾਣਦਾ? ਉਸਨੇ ਅਮਰੀਕਾ ਦੀ ਧਰਤੀ ਤੇ ਰਹਿੰਦਿਆਂ, ਭਾਰਤ ਦਾ ਨਾਮ ਰੌਸ਼ਨ ਕੀਤਾ। ਉਸਨੇ ਫਾਈਵਰ ਔਪਟਿਕਸ ਉਤੇ ਖੋਜ ਕੀਤੀ। ਉਸਨੂੰ ਭਾਰਤ ਸਰਕਾਰ ਨੇ 2021 ’ਚ ਪਦਮ ਵਿਭੂਸ਼ਨ ਦਾ ਖਿਤਾਬ ਦਿੱਤਾ।
ਇਹ ਕਿਹਾ ਜਾਂਦਾ ਹੈ ਕਿ 1899 ਈਸਵੀ ਤੋਂ 1920 ਈਸਵੀ ਤੱਕ 7348 ਏਸ਼ੀਅਨ, ਭਾਰਤੀ, ਅਮਰੀਕਾ ਤੇ ਕੈਨੇਡਾ ਦੀ ਧਰਤੀ ਉਤੇ ਪੁੱਜੇ ਸਨ। ਇਹਨਾ ਵਿਚੋਂ ਵੱਡੀ ਗਿਣਤੀ ਕਿਸਾਨਾਂ ਦੀ ਸੀ। ਇਹਨਾ ਵਿਚੋਂ ਕੁਝ ਇਕ ਨੇ ਆਪਣੀ ਰੋਜ਼ੀ ਰੋਟੀ ਲਈ ਕੈਨੇਡਾ ਦੀਆਂ “ਆਰਾ ਮਿੱਲਾਂ“ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਪਰ ਬਹੁਤਿਆਂ ਨੇ ਖੇਤੀ ਨੂੰ ਆਪਣੇ ਰੁਜ਼ਗਾਰ ਦਾ ਸਾਧਨ ਬਣਾਇਆ। ਇਸ ਕਿੱਤੇ ‘ਚ ਮੁਹਾਰਤ ਹਾਸਲ ਹੋਣ ਕਾਰਨ ਇਹਨਾ ਵਿਚੋਂ ਕੁਝ ਇੱਕ ਨੇ ਵੱਡੀ ਪ੍ਰਾਪਤੀਆਂ ਕੀਤੀਆਂ ਅਤੇ ਅੱਜ ਖੇਤੀ ਜਾਂ ਖੇਤੀ ਨਾਲ ਸਬੰਧਤ ਕਿੱਤਿਆਂ ‘ਚ ਸਿਖ਼ਰਾਂ ਛੋਹ ਰਹੇ ਹਨ। ਇਹਨਾ ਵਿੱਚ ਆੜੂਆਂ ਦਾ ਬਾਦਸ਼ਾਹ ਦੀਦਾਰ ਸਿੰਘ ਬੈਂਸ, ਸੌਗੀ ਦਾ ਬਾਦਸ਼ਾਹ ਚਰਨਜੀਤ ਸਿੰਘ ਬਾਠ, ਬਦਾਮਾਂ ਦੇ ਬਾਦਸ਼ਾਹ ਟੁੱਟ ਬ੍ਰਦਰਜ਼, ਟ੍ਰਕਿੰਗ ਕਿੰਗ ਭੰਡਾਲ ਬ੍ਰਦਰਜ਼ ਸ਼ਾਮਲ ਹਨ, ਜਿਹਨਾ ਨੇ ਖੇਤੀ ਦੇ ਨਾਲ-ਨਾਲ ਟ੍ਰਕਿੰਗ ਕਿੱਤੇ ਨੂੰ ਅਪਨਾਇਆ ਅਤੇ ਹਜ਼ਾਰਾਂ ਏਕੜ ਜ਼ਮੀਨ ਅਮਰੀਕਾ ਵਿੱਚ ਖਰੀਦਕੇ ਆਪੋ-ਆਪਣੀਆਂ ਉਗਾਈਆਂ ਫ਼ਸਲਾਂ ਦੇ ਬਾਦਸ਼ਾਹ ਕਹਿਲਾਏ।
1990 ਤੱਕ 66 ਲੱਖ ਭਾਰਤੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਪ੍ਰਵਾਸ ਕਰਦੇ ਸਨ। ਇਹ ਗਿਣਤੀ 2019 ਤੱਕ 175 ਲੱਖ ਤੱਕ ਪੁੱਜ ਚੁੱਕੀ ਹੈ। ਵਿਸ਼ਵ ਪੱਧਰੀ ਪ੍ਰਵਾਸ ਵਿੱਚ ਲਗਤਾਰ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਜਿਥੇ ਸਾਲ 2000 ਵਿੱਚ ਇਸ ਪ੍ਰਵਾਸ ਦੀ ਦਰ 2.8 ਫ਼ੀਸਦੀ ਸੀ, ਉਥੇ ਉਹ 2019 ‘ਚ 3.5 ਫ਼ੀਸਦੀ ਹੋ ਗਈ। ਵਿਸ਼ਵ ਵਿੱਚ ਪ੍ਰਵਾਸ ਕਰਨ ਵਾਲੇ 4 ਲੋਕਾਂ ਵਿਚੋਂ 3 ਲੋਕ 20 ਤੋਂ 64 ਸਾਲ ਦੀ ਉਮਰ ਵਾਲੇ ਹਨ ਅਤੇ ਉਹਨਾ ਦਾ ਮੰਤਵ ਕੰਮ ਦੀ ਭਾਲ ਅਤੇ ਚੰਗੇਰੀ ਜ਼ਿੰਦਗੀ ਦੀ ਚਾਹਤ ਸਮਝਿਆ ਜਾਂਦਾ ਹੈ। ਭਾਰਤੀ ਖ਼ਾਸ ਕਰਕੇ ਪੰਜਾਬੀਆਂ ਬਾਰੇ ਮੁੱਖ ਤੌਰ ‘ਤੇ ਕਿਹਾ ਜਾਂਦਾ ਹੈ ਕਿ ਉਹ ਕਮਾਈ ਲਈ ਵਤਨੋਂ ਦੂਰ ਪ੍ਰਵਾਸ ਕਰਦੇ ਰਹੇ ਹਨ। ਇਹਨਾ ਪੰਜਾਬੀਆਂ ਨੇ ਪਿਛਲੇ ਸਾਲਾਂ ‘ਚ ਇਹ ਮਿੱਥ ਬਦਲੀ ਹੈ ਕਿ ਉਹ ਸਿਰਫ਼ ਪੈਸੇ ਲਈ ਜਾਂ ਸਿਰਫ਼ ਆਪਣੇ ਪਰਿਵਾਰ ਲਈ ਹੀ, ਕੰਮ ਕਰਨ ਵਾਲੇ ਲੋਕ ਨਹੀਂ ਹਨ ਸਗੋਂ ਉਹਨਾ ਦਾ ਮੰਤਵ ਮਨੁੱਖਤਾ ਦੀ ਸੇਵਾ ਹੈ। ਪੰਜਾਬੀਆਂ ਦੀ ਕੈਨੇਡਾ ਵਿੱਚ ਧਾਂਕ ਜਮਾਉਣ ਵਾਲਾ ਮਨਮੋਹਨ ਸਿੰਘ ਸਹੋਤਾ, ਪੰਜਾਬ ਦਾ ਸਟ੍ਰਾਬੇਰੀ ਕਿੰਗ ਨਵਜੋਤ ਸਿੰਘ ਸ਼ੇਰਗਿੱਲ, ਮੇਵਿਆਂ ਦਾ ਬਾਦਸ਼ਾਹ ਬਲਜੀਤ ਸਿੰਘ ਚੱਢਾ ਕੁਝ ਇਹੋ ਜਿਹੇ ਕਾਰੋਬਾਰੀ ਹਨ, ਜਿਹਨਾ ਨੇ ਭਾਰਤੀ ਮੁਲ ਦੇ ਪੰਜਾਬੀ ਭਾਰਤੀ ਵਜੋਂ ਵੱਡਾ ਨਾਮਣਾ ਖੱਟਿਆ। ਇਹਨਾ ਕਾਰੋਬਾਰਾਂ ਤੋਂ ਬਿਨ੍ਹਾਂ ਰੈਸਟੋਰੈਂਟ, ਹੋਟਲ ਚਲਾਉਣਾ ਇੱਕ ਇਹੋ ਜਿਹਾ ਕਾਰੋਬਾਰ ਹੈ, ਜਿਸ ‘ਚ ਇੰਗਲੈਂਡ, ਕੈਨੇਡਾ, ਅਮਰੀਕਾ, ਡੁਬਈ, ਜਰਮਨ ਰਹਿੰਦੇ ਪਰਵਾਸੀ ਪੰਜਾਬੀਆਂ ਨੇ ਵਿਸ਼ੇਸ਼ ਮੱਲਾਂ ਮਾਰੀਆਂ ਹਨ। ਸੰਤ ਸਿੰਘ ਛੱਤਵਾਲ (ਅਮਰੀਕਾ), ਜੋਗਿੰਦਰ ਸਾਂਗਰ, ਸੁਰਿੰਦਰ ਅਰੋੜਾ, ਜਸਮਿੰਦਰ ਸਿੰਘ, ਸੁਖਦੇਵ ਤੂਰ ਇਹੋ ਜਿਹੇ ਪੰਜਾਬੀ ਭਾਰਤੀ ਵਜੋਂ ਉਭਰੇ ਹਨ, ਜਿਹਨਾ ਨੇ ਹੋਟਲ ਕਾਰੋਬਾਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ।
ਪੰਜਾਬੀ ਮਾਪਿਆਂ ਦਾ ਪੁੱਤਰ- ਬਰਤਾਨੀਆਂ ਦਾ ਵਿੱਤ ਮੰਤਰੀ- ਰਿਸ਼ੀ ਸੂਨਾਕ, ਇੱਕੋ ਵੇਲੇ ਪੱਤਰਕਾਰ, ਇੰਜੀਨੀਅਰ ਅਤੇ ਸਿਆਸਤਦਾਨ- ਲਾਰਡ ਇੰਦਰਜੀਤ ਸਿੰਘ, ਈਕੋ ਸਿੱਖ ਦਾ ਪ੍ਰਧਾਨ ਬਹੁ-ਚਰਚਿਤ ਵਾਤਾਵਰਨ ਪ੍ਰੇਮੀ – ਡਾ: ਰਾਜਵੰਤ ਸਿੰਘ (ਅਮਰੀਕਾ), ਬਰਤਾਨੀਆ ਦੀ ਜੰਮਪਲ- ਪਹਿਲੀ ਸਿੱਖ ਐਮ.ਪੀ. ਪ੍ਰੀਤ ਕੌਰ ਗਿੱਲ, ਕੈਨੇਡਾ ਦਾ ਕੈਬਨਿਟ ਮੰਤਰੀ- ਨਵਦੀਪ ਬੈਂਸ (ਕੈਨੇਡਾ) ਪੰਜਾਬ ਦੀ ਧਰਤੀ ਦੇ ਹਰਮਨ ਪਿਆਰੇ ਸਿਆਸਤਦਾਨ ਟੱਬਰ ਦਾ ਪੁੱਤਰ ਵਰਿੰਦਰ ਸ਼ਰਮਾ ਐਮ.ਪੀ. ਬਰਤਾਨੀਆ, ਪਹਿਲੀ ਵਿਸ਼ਵ ਪੰਜਾਬੀ ਕਾਨਫੰਰਸ ਦਾ ਪ੍ਰਧਾਨ, ਪ੍ਰਸਿੱਧ ਲੇਖਕ ਪ੍ਰੋ: ਰਣਜੀਤ ਧੀਰ, ਪੰਜਾਬ ਦੀ ਅਵਾਜ਼ ਵਜੋਂ ਜਾਣੀ ਜਾਂਦੀ ਆਸ਼ਾ ਸ਼ਰਮਾ ਅਮਰੀਕਾ, ਇਕ ਵਿਦਵਾਨ-ਇੱਕ ਵਕਤਾ ਵਜੋਂ ਪ੍ਰਸਿੱਧ ਗੁਰਮੁੱਖ ਸਿੰਘ ਬਰਤਾਨੀਆ, ਕੈਨੇਡਾ ਦਾ ਪਹਿਲਾ ਸਿੱਖ ਗੁਰਬਖ਼ਸ਼ ਸਿੰਘ ਮੱਲੀ, ਇੱਕ ਸਫ਼ਲ ਕਾਰੋਬਾਰੀ-ਇੱਕ ਸਮਾਜ ਸੇਵਕ ਨਵਨੀਤ ਸਿੰਘ ਨਰੂਲਾ, ਛੋਟੀ ਉਮਰੇ ਵੱਡੀਆਂ ਪ੍ਰਾਪਤੀਆਂ ਕਰਨ ਵਾਲਾ ਐਮ.ਪੀ. ਕਮਲ ਖਹਿਰਾ, ਸੰਘਰਸ਼ਸ਼ੀਲ ਜੀਊੜਾ- ਸਵਰਗੀ ਅਜੀਤ ਸਿੰਘ ਰਾਏ (ਯੂ.ਕੇ.), ਇੱਕ ਵਿਲੱਖਣ ਪੰਜਾਬੀ ਜਿਸਦਾ ਕੋਈ ਸਾਨੀ ਨਹੀਂ- ਡਾ: ਰਘਬੀਰ ਸਿੰਘ ਬੈਂਸ (ਕੈਨੇਡਾ), ਵਕਾਲਤ ਵਿੱਚ ਨਵੀਆਂ ਪੈੜਾਂ ਪਾਉਣ ਵਾਲਾ ਪ੍ਰਵਾਸੀ ਪੰਜਾਬੀ – ਸੰਤੋਖ ਸਿੰਘ ਛੋਕਰ (ਯੂ.ਕੇ.), ਸਿਆਸੀ ਸਮਾਜੀ ਖੇਤਰ ‘ਚ ਬੁਲੰਦੀਆਂ ਛੂੰਹਦਾ ਪੰਜਾਬੀ – ਦਲਜੀਤ ਸਹੋਤਾ (ਯੂ.ਕੇ.), ਦੇਸ਼ ‘ਚ ਪੜ੍ਹਕੇ ਵਿਦੇਸ਼ਾਂ ‘ਚ ਨਾਮਣਾ ਖੱਟਣ ਵਾਲਾ- ਅਜੈਪਾਲ ਸਿੰਘ ਬੰਗਾ (ਅਮਰੀਕਾ), ਪੱਤਰਕਾਰੀ ਵਿੱਚ ਨਵੀਆਂ ਪੈੜਾਂ ਪਾਉਣ ਵਾਲਾ ਪ੍ਰਸਿੱਧ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਅਤੇ 2000 ਤੋਂ 2001 ਤੱਕ ਸੂਬੇ ਬੀਸੀ ਦਾ ਪ੍ਰੀਮੀਅਮ (ਮੁੱਖ ਮੰਤਰੀ) ਬਣਿਆ ਉੱਜਲ ਸਿੰਘ ਦੁਸਾਂਝ, ਪ੍ਰਸਿੱਧ ਸਿਆਸਤਦਾਨ ਬੌਬੀ ਜਿੰਦਲ ਅਮਰੀਕਾ ਅਤੇ ਹਰਬ ਧਾਲੀਵਾਲ ਕੈਨੇਡਾ, ਪਰਮਿੰਦਰ ਸਿੰਘ ਮਰਵਾਹਾ ਯੂਗਾਂਡਾ, ਇਹੋ ਜਿਹੀਆਂ ਜਗਤ ਪ੍ਰਸਿੱਧ ਭਾਰਤੀ ਸਖ਼ਸ਼ੀਅਤਾਂ ਹਨ, ਜਿਹਨਾ ਨੇ ਦਿਨ-ਰਾਤ ਇੱਕ ਕਰਕੇ ਆਪਣੀ ਵੱਖਰੀ ਪਛਾਣ ਹੀ ਸਥਾਪਿਤ ਨਹੀਂ ਕੀਤੀ ਸਗੋਂ ਇਹ ਲੋਕ ਪਰਵਾਸੀਆਂ ਲਈ ਮਾਰਗ ਦਰਸ਼ਕ ਵੀ ਬਣੇ ਹਨ।
ਪਰਵਾਸੀ ਪੰਜਾਬੀ ਮਾਹਰ ਡਾਕਟਰਾਂ ਦਾ ਵਿਦੇਸ਼ਾਂ ਵਿੱਚ ਵੱਡਾ ਨਾਂ ਹੈ ਖਾਸ ਕਰਕੇ ਉੱਤਰੀ ਅਮਰੀਕਾ ਵਿੱਚ, ਜਿਥੋਂ ਦੇ ਡਾਕਟਰਾਂ ਨੇ ਮਨੁੱਖਤਾ ਦੀ ਸੇਵਾ ‘ਚ ਆਪਣਾ ਸਮੁੱਚਾ ਜੀਵਨ ਤਾਂ ਅਰਪਿਤ ਕੀਤਾ ਹੀ ਹੋਇਆ ਹੈ। ਉਹਨਾ ਵਲੋਂ ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣੇ ਵਲੋਂ ਤਨੋਂ ਮਨੋ, ਧਨੋਂ ਪੂਰਾ ਯੋਗਦਾਨ ਵੀ ਦਿੱਤਾ ਜਾ ਰਿਹਾ ਹੈ। ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਡਾ: ਅਮਰਜੀਤ ਸਿੰਘ ਮਰਵਾਹਾ, ਅਨਮੋਲ ਸਿੰਘ ਮਾਹਲ, ਹਰਵਿੰਦਰ ਸਿੰਘ ਸਹੋਤਾ, ਡਾ: ਹਰਕੀਰਤ ਸਿੰਘ ਢਿਲੋਂ ਦੀਆਂ ਡਾਕਟਰੀ ਖਿੱਤੇ ਵਿੱਚ ਪ੍ਰਾਪਤੀਆਂ ਤੋਂ ਕੌਣ ਜਾਣੂ ਨਹੀਂ ਹੈ?
ਪਹਿਲੀ ਪੀੜ੍ਹੀ ਦੇ ਪਰਵਾਸੀ ਪੰਜਾਬੀਆਂ ਦੀ ਮਿਹਨਤ ਨੂੰ ਉਸ ਵੇਲੇ ਵੀ ਬੂਰ ਪਿਆ, ਜਦੋਂ ਉਨ੍ਹਾਂ ਦੀ ਸੰਤਾਨ ਪੜ੍ਹ ਲਿਖ ਕੇ ਵਿਦੇਸ਼ਾਂ ਵਿੱਚ ਉੱਚੇ ਅਹੁਦਿਆਂ ‘ਤੇ ਜਾ ਪੁੱਜੀ। ਉਨ੍ਹਾਂ ਵਿਚੋਂ ਕਈ ਡਾਕਟਰ ਬਣੇ, ਕਈ ਇੰਜੀਨੀਅਰ, ਕਈ ਪ੍ਰੋਫੈਸਰ ਤੇ ਕਈ ਵਕੀਲ ਅਤੇ ਫਿਰ ਉਥੋਂ ਦੀਆਂ ਅਦਾਲਤਾਂ ਦੇ ਜੱਜ। ਇਸ ਲੜੀ ਵਿੱਚ ਸਰ ਮੋਤਾ ਸਿੰਘ ਕੁਈਨਜ਼ ਕੌਂਸਲ, ਨਵਜੋਤ ਸਿੱਧੂ ਕੁਈਨਜ਼ ਕੌਂਸਲ, ਗੁਰਪਾਲ ਉੱਪਲ, ਹੈਰੀ ਮਾਨ, ਅਨੂਪ ਸਿੰਘ ਚੌਧਰੀ ਦੇ ਨਾਮ ਸਿਤਾਰਿਆਂ ਵਾਂਗਰ ਚਮਕਦੇ ਹਨ। ਇਥੇ ਹੀ ਬਸ ਨਹੀਂ ਪੰਜਾਬੀ ਸਭਿਆਚਾਰ, ਪੰਜਾਬੀ ਬੋਲੀ ਅਤੇ ਪੰਜਾਬੀ ਸਾਹਿੱਤ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਪ੍ਰਵਾਸ ਹੰਢਾ ਰਹੇ ਚਿੰਤਕਾਂ ਨੇ ਆਪਣੇ ਵਲੋਂ ਭਰਪੂਰ ਯੋਗਦਾਨ ਦਿੱਤਾ। ਬਰਤਾਨੀਆ, ਕੈਨੇਡਾ ਵਿੱਚ ਤਾਂ ਪੰਜਾਬੀ ਨੂੰ ਯੋਗ ਸਥਾਨ ਮਿਲਿਆ ਵੀ। ਪੰਜਾਬੀ ਦੇ ਬਹੁਤ ਸਾਰੇ ਲੇਖਕਾਂ, ਚਿੰਤਕਾਂ ਨੇ ਵਿਦੇਸ਼ਾਂ ਵਿੱਚ ਪੰਜਾਬੀ ਦੀ ਪ੍ਰਫੂਲਤਾ ਲਈ ਕਾਨਫਰੰਸਾਂ ਕੀਤੀਆਂ ਅਤੇ ਆਪਣੀ ਤੋਂ ਅਗਲੀ ਪੀੜ੍ਹੀ ਦੇ ਨੌਜਵਾਨਾਂ, ਬੱਚਿਆਂ ਨੂੰ ਆਪਣੀ ਮਾਂ-ਬੋਲੀ ਨਾਲ ਜੋੜਨ ਦਾ ਵਿਸ਼ੇਸ਼ ਉਪਰਾਲਾ ਕੀਤਾ। ਪਰਵਾਸੀ ਭਾਰਤੀ ਵਲੋਂ ਆਪੋ-ਆਪਣੀਆਂ ਬੋਲੀਆਂ ਖ਼ਾਸ ਕਰਕੇ ਪੰਜਾਬੀ ਭਾਸ਼ਾ ‘ਚ ਪ੍ਰਕਾਸ਼ਿਤ ਕੀਤੇ ਜਾ ਰਹੇ ਸਪਤਾਹਿਕ ਪੱਤਰਾਂ ਨੇ ਵੀ ਪ੍ਰਵਾਸੀ ਭਾਰਤੀਆਂ ਦੀ ਵੱਖਰੀ ਪਛਾਣ ਬਨਾਉਣ ‘ਚ ਭੂਮਿਕਾ ਨਿਭਾਈ ਹੈ।
ਜਨਮ ਭੂਮੀ ਨਾਲ ਮਨੁੱਖ ਦਾ ਰਿਸ਼ਤਾ ਸਦਾ ਹੀ ਮਾਂ ਦੇ ਰਿਸ਼ਤੇ ਵਾਂਗ ਰਿਹਾ ਹੈ। ਮਨੁੱਖ ਭਾਵੇਂ ਅੰਬਰੀਂ ਉਡਾਰੀ ਮਾਰ ਆਵੇ, ਸਮੁੰਦਰਾਂ ‘ਚ ਡੂੰਘੇ ਗੋਤੇ ਲਾ ਆਵੇ, ਵੱਡਾ ਬਣ ਜਾਵੇ, ਵੱਡੀਆਂ ਪ੍ਰਾਪਤੀਆਂ ਕਰ ਲਵੇ, ਪਰ ਉਹ ਆਪਣੀ ਜਨਮ ਭੂਮੀ ਦਾ ਰਿਣ ਚੁਕਾਉਣ ਲਈ ਸਦਾ ਤਤਪਰ ਦਿਖਦਾ ਹੈ। ਪਰਵਾਸੀ ਪੰਜਾਬੀ, ਦੁਨੀਆਂ ਦੇ ਕਿਸੇ ਖਿੱਤੇ ‘ਚ ਵੀ ਗਏ, ਆਪਣੀ ਧਰਤੀ ਦਾ ਮੋਹ ਨਹੀਂ ਤਿਆਗ ਸਕੇ। ਉਸ ਲਈ ਕੁਝ ਕਰਨ ਦੀ ਤਤਪਰਤਾ ਸਦਾ ਹੀ ਉਨਾਂ ਦੇ ਸੀਨੇ ‘ਚ ਨਹੀਂ। ਲਾਰਡ ਸਵਰਾਜ ਪਾਲ, ਦਰਸ਼ਨ ਸਿੰਘ ਧਾਲੀਵਾਲ, ਦੇਵ ਬਾਠ, ਜਗਪਾਲ ਸਿੰਘ ਖਗੂੰੜਾ, ਬੌਬ ਸਿੰਘ ਢਿਲੋਂ ਕੁਝ ਇਹੋ ਜਿਹੇ ਨਾਮ ਹਨ, ਜਿਹਨਾ ਨੇ ਖੱਟੀ ਵਿਦੇਸਾਂ ਵਿੱਚ ਕੀਤੀ ਪਰ ਆਪਣੀ ਜਨਮ ਭੂਮੀ ਵਿੱਚ ਆਪਣੇ ਕਾਰੋਬਾਰ ਲਿਆਕੇ ਲੋਕਾਂ ਨੂੰ ਰੋਜ਼ਗਾਰ ਦਿੱਤਾ।
ਸੰਪਰਕ: 9815802070