ਚੰਡੀਗੜ੍ਹ : ਦੇਸ਼ ‘ਚ ਕੋਰੋਨਾ ਦੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅਜਿਹੇ ‘ਚ ਮਨੋਹਰ ਲਾਲ ਖੱਟੜ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਨੇ ਰਾਜਸਥਾਨ ਦੇ ਕੋਟਾ ਵਿੱਚ ਫਸੇ ਪ੍ਰਦੇਸ਼ ਦੇ 858 ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦਾ ਇੱਕ ਵੱਡਾ ਫੈਸਲਾ ਲਿਆ ਹੈ। ਇਸ ਦੇ ਲਈ ਹਰਿਆਣਾ ਸਰਕਾਰ ਨੇ ਵੀਰਵਾਰ ਨੂੰ ਹਰਿਆਣਾ ਰੋਡਵੇਜ਼ ਦੀਆਂ 31 ਬੱਸਾਂ ਨੂੰ ਰਾਜਸਥਾਨ ਦੇ ਕੋਟਾ ਲਈ ਰਵਾਨਾ ਕੀਤਾ।
ਇਨ੍ਹਾਂ ਬੱਸਾਂ ਨਾਲ ਹਰਿਆਣਾ ਪ੍ਰਦੇਸ਼ ਦੇ 858 ਵਿਦਿਆਰਥੀਆਂ ਰਾਜਸਥਾਨ ਦੇ ਕੋਟਾ ਤੋਂ ਵਾਪਰ ਲਿਆਂਦਾ ਜਾਵੇਗਾ। ਇਨ੍ਹਾਂ ਵਿਦਿਆਰਥੀਆਂ ‘ਚ ਇੰਜੀਨੀਅਰ ਅਤੇ ਡਾਕਟਰ ਵਿਭਾਗ ਦੇ ਵਿਦਿਆਰਥੀਆਂ ਸ਼ਾਮਲ ਹਨ। ਨਾਰਨੌਲ ਹਰਿਆਣਾ ਰੋਡਵੇਜ਼ ਦੇ ਜਨਰਲ ਮੈਨੇਜਰ ਨਵੀਨ ਸ਼ਰਮਾ ਨੇ ਦੱਸਿਆ ਕਿ ਹਰਿਆਣਾ ਦੇ ਵਿਦਿਆਰਥੀਆਂ ਨੂੰ ਕੋਟਾ ਤੋਂ ਵਾਪਸ ਲਿਆਉਣ ਲਈ 31 ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ ਜਿਨ੍ਹਾਂ ‘ਚ 16 ਬੱਸਾਂ ਨਾਰਨੌਲ ਡਿਪੂ ਤੇ 15 ਰੇਵਾੜੀ ਡਿਪੂ ਦੀਆਂ ਹਨ। ਇਹ ਬੱਸਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਵਾਪਸ ਲਿਆਉਣਗੀਆਂ ਜਿੱਥੋਂ ਉਨ੍ਹਾਂ ਨੂੰ ਉਨ੍ਹਾਂ ਦੇ ਜੱਦੀ ਸਥਾਨ ਭੇਜਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਬੱਸਾਂ ਵਿਦਿਆਰਥੀਆਂ ਦੀ ਮੈਡੀਕਲ ਜਾਂਚ ਤੋਂ ਬਾਅਦ ਵਾਪਸ ਹਰਿਆਣਾ ਚਲੇ ਜਾਣਗੀਆਂ।
ਦੱਸ ਦਈਏ ਕਿ ਇਨ੍ਹਾਂ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨੇ ਹਰਿਆਣਾ ਸਰਕਾਰ ਨਾਲ ਇਸ ਸਬੰਧੀ ਗੱਲ ਕੀਤੀ ਸੀ। ਜਿਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਰਾਜਸਥਾਨ ਸਰਕਾਰ ਨਾਲ ਗੱਲਬਾਤ ਕਰਕੇ ਇਹ ਫੈਸਲਾ ਲਿਆ ਹੈ। ਹਰਿਆਣਾ ਦੇ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਦੱਸਿਆ ਕਿ ਇਹ ਵਿਦਿਆਰਥੀ ਉਥੇ ਕੋਚਿੰਗ ਲਈ ਗਏ ਸਨ ਜੋ ਲੌਕਡਾਊਨ ਕਾਰਨ ਉਥੇ ਫਸੇ ਹੋਏ ਹਨ। ਉਹ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਨਾਲ ਸਬੰਧਤ ਹਨ। ਸਰਕਾਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਦਾ ਫੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਹਰਿਆਣਾ ‘ਚ ਹੁਣ ਤੱਕ ਕੋਰੋਨਾ ਦੇ 262 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 3 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਜਦ ਕਿ ਦੇਸ਼ ‘ਚ ਕੋਰੋਨਾ ਦੇ 21 ਹਜ਼ਾਰ ਤੋਂ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 286 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।