ਚੰਡੀਗੜ੍ਹ: ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪੰਜਾਬ ਵਿੱਚ ਪ੍ਰਾਪਰਟੀ ਟੈਕਸ ਵਧਾ ਦਿੱਤਾ ਗਿਆ ਹੈ, ਜੋ ਕਿ 1 ਅਪ੍ਰੈਲ, 2025 ਤੋਂ ਲਾਗੂ ਹੋ ਗਿਆ ਹੈ। ਪ੍ਰਾਪਰਟੀ ਟੈਕਸ ਵਿੱਚ 5 ਪ੍ਰਤੀਸ਼ਤ ਵਾਧਾ ਕੀਤਾ ਗਿਆ ਹੈ। ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ‘ਤੇ ਟੈਕਸ ਵਧਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸਰਕਾਰ ਨੇ ਇਹ ਹੁਕਮ ਚੁੱਪ-ਚਾਪ ਜਾਰੀ ਕੀਤੇ ਅਤੇ ਨੋਟੀਫਿਕੇਸ਼ਨ ਵੀ ਜਾਰੀ ਨਹੀਂ ਹੋਣ ਦਿੱਤਾ।
ਦੱਸ ਦੇਈਏ ਕਿ ਇਹ ਪ੍ਰਾਪਰਟੀ ਟੈਕਸ 1 ਅਪ੍ਰੈਲ, 2025 ਤੋਂ ਵਧਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ, ਪੰਜਾਬ ਸਰਕਾਰ ਹਰ ਸਾਲ ਪ੍ਰਾਈਵੇਟ ਹਸਪਤਾਲਾਂ ਤੋਂ ਲੈ ਕੇ ਆਮ ਦੁਕਾਨਦਾਰਾਂ ਤੱਕ, ਹਰ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾ, ਭਾਵੇਂ ਉਹ ਸੋਸ਼ਲ ਕਲੱਬ ਹੋਵੇ ਜਾਂ ਖਿਡਾਰੀਆਂ ਦੇ ਖੇਡਣ ਲਈ ਬਣਾਇਆ ਗਿਆ ਖੇਡ ਸਟੇਡੀਅਮ, ਜਾਇਦਾਦ ਟੈਕਸ ਵਸੂਲਦੀ ਹੈ। ਇਸ ਦੇ ਨਾਲ ਹੀ, ਇਹ ਜਾਇਦਾਦ ਟੈਕਸ ਰਿਹਾਇਸ਼ੀ ਇਮਾਰਤਾਂ ਦੇ ਮਾਲਕਾਂ ਤੋਂ ਵੀ ਇਕੱਠਾ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਨੇ 5 ਜੂਨ, 2025 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਵਿੱਚ ਜਾਇਦਾਦ ਟੈਕਸ ਵਿੱਚ 5 ਪ੍ਰਤੀਸ਼ਤ ਵਾਧਾ ਕੀਤਾ ਹੈ।
ਸਥਾਨਕ ਸਰਕਾਰਾਂ ਵਿਭਾਗ ਵਲੋਂ ਆਪਣੇ ਨੋਟੀਫਿਕੇਸ਼ਨ ਵਿੱਚ ਹੀ ਇਹ ਲਿਖਿਆ ਗਿਆ ਹੈ ਕਿ ਕੇਂਦਰ ਸਰਕਾਰ ਜਾਂ ਫਿਰ ਮਾਰਕਿਟ ‘ਚੋਂ ਤੈਅ ਦਰ ਤੋਂ 0.25 ਫੀਸਦੀ ਜ਼ਿਆਦਾ ਕਰਜ਼ਾ ਲੈਣ ਲਈ ਇਸ ਟੈਕਸ ਨੂੰ ਵਧਾਉਣਾ ਜਰੂਰੀ ਹੈ। ਜੇਕਰ ਸਥਾਨਕ ਸਰਕਾਰਾਂ ਵਿਭਾਗ ਇਸ ਪ੍ਰਾਪਰਟੀ ਟੈਕਸ ਵਿੱਚ ਵਾਧਾ ਨਹੀਂ ਕਰਦਾ ਹੈ ਤਾਂ ਉਹ ਤੈਅ ਦਰ ਤੋਂ 0.25 ਫੀਸਦੀ ਜ਼ਿਆਦਾ ਕਰਜ਼ ਵੀ ਨਹੀਂ ਲੈ ਸਕੇਗਾ। ਆਮ ਜਨਤਾ ‘ਤੇ ਜਿਆਦਾ ਬੋਝ ਪਾਉਣ ਦੇ ਨਾਲ ਜਿਥੇ ਸਰਕਾਰ ਨੂੰ ਜ਼ਿਆਦਾ ਪੈਸਾ ਆਵੇਗਾ ਤਾਂ ਉਥੇ ਸਰਕਾਰ ਜ਼ਿਆਦਾ ਕਰਜ਼ਾ ਵੀ ਲੈ ਸਕੇਗੀ।