ਲਖਨਊ— 19 ਸਾਲਾ ਲੜਕੀ ਨੂੰ ਚੌਥੀ ਮੰਜ਼ਿਲ ਤੋਂ ਧੱਕਾ ਦੇ ਕੇ ਮਾਰਨ ਦੇ ਦੋਸ਼ ‘ਚ ਸੂਫੀਆਨ ਨਾਂ ਦੇ ਨੌਜਵਾਨ ਨੂੰ ਲਖਨਊ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਿਕ ਇੱਥੇ ਦੁਬਗਾ ਇਲਾਕੇ ‘ਚ ਇਕ ਮੁਕਾਬਲੇ ਦੌਰਾਨ ਮੁਲਜ਼ਮ ਪੁਲਿਸ ਦੇ ਅੜਿੱਕੇ ਚੜਿਆ ਹੈ। ਹਾਲਾਂਕਿ ਸੂਫੀਆਨ ਪੁਲਸ ਦੀ ਗੋਲੀਬਾਰੀ ਕਾਰਨ ਜ਼ਖਮੀ ਹੋ ਗਿਆ ਹੈ। ਇਸ ਦੌਰਾਨ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸੂਫੀਆਨਾ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ।
ਜ਼ਿਕਰ ਏ ਖਾਸ ਹੈ ਕਿ ਲੜਕੀ ਨੂੰ ਮੰਗਲਵਾਰ ਰਾਤ ਨੂੰ ਉਸ ਦੇ ਗੁਆਂਢੀ ਨੇ ਕਥਿਤ ਤੌਰ ‘ਤੇ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਹੇਠਾਂ ਧੱਕਾ ਦਿੱਤਾ ਸੀ। ਉਹ ਗੁਆਂਢੀ ਉਸ ਨਾਲ ਦੋਸਤੀ ਕਰਕੇ ਧਰਮ ਬਦਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੰਯੁਕਤ ਪੁਲਿਸ ਕਮਿਸ਼ਨਰ (ਜੇਸੀਪੀ) ਪੀਯੂਸ਼ ਮੋਰਡੀਆ ਨੇ ਪੀਟੀਆਈ ਨੂੰ ਦੱਸਿਆ, “ਸੁਫ਼ੀਆਨ ਨੂੰ ਸ਼ੁੱਕਰਵਾਰ ਨੂੰ ਪੁਲਿਸ ਮੁਕਾਬਲੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ।”
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ “ਸੂਫੀਆਨ ਨੂੰ ਦੁਪਹਿਰ 1 ਵਜੇ ਦੇ ਕਰੀਬ ਇੱਕ ਮੁਕਾਬਲੇ ਵਿੱਚ ਗ੍ਰਿਫਤਾਰ ਕੀਤਾ ਗਿਆ। ਮੁਕਾਬਲੇ ਦੌਰਾਨ ਉਸਦੀ ਸੱਜੀ ਲੱਤ ਵਿੱਚ ਗੋਲੀ ਲੱਗੀ ਸੀ ਅਤੇ ਉਸਨੂੰ ਇਲਾਜ ਲਈ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (ਕੇਜੀਐਮਯੂ) ਵਿੱਚ ਦਾਖਲ ਕਰਵਾਇਆ ਗਿਆ ਹੈ।