ਚੰਡੀਗੜ੍ਹ, (ਅਵਤਾਰ ਸਿੰਘ)- ਗਾਂਧੀ ਸਮਾਰਕ ਨਿੱਧੀ ਸੈਕਟਰ 16-ਏ ਚੰਡੀਗੜ੍ਹ ਵਿਚ ਮਰਹੂਮ ਡਾ. ਗੋਪੀ ਚੰਦ ਭਾਰਗਵ ਦੀ 54ਵੀਂ ਬਰਸੀ ਸ਼ਰਧਾ ਨਾਲ ਮਨਾਈ ਗਈ। ਪ੍ਰੋਗਰਾਮ ਦਾ ਆਗਾਜ਼ ਆਰ.ਡੀ.ਕੈਲੇ ਵੱਲੋਂ ਗਾਏ ਗਏ ਭਜਨ ਨਾਲ ਹੋਇਆ।
ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸਮਾਜ ਸੇਵਕ ਡਾ. ਅਸ਼ੋਕ ਨਾਦਿਰ ਭੰਡਾਰੀ ਨੇ ਕਰਦਿਆਂ ਕਿਹਾ ਕਿ ਭਾਰਗਵ ਜੀ ਨੇ ਆਪਣੇ ਕਾਰਜਕਾਲ ਦੌਰਾਨ ਬਹੁਤ ਮਹੱਤਵਪੂਰਣ ਕੰਮ ਕੀਤੇ। ਡਾ. ਡਾਰਗਵ ਸੰਯਮ, ਸਾਦਗੀ ਅਤੇ ਇਮਾਨਦਾਰੀ ਦੇ ਪ੍ਰਤੀਕ ਸਨ। ਮਹਾਤਮਾ ਗਾਂਧੀ ਨੇ ਇਨ੍ਹਾਂ ਨੂੰ ਚਰਖਾ ਸੰਘ ਦਾ ਪ੍ਰਧਾਨ ਬਣਾਇਆ ਅਤੇ ਉਹ ਤਾ-ਉਮਰ ਖਾਦੀ ਦੀਆਂ ਅਨੇਕਾਂ ਸੰਸਥਾਵਾਂ ਦੇ ਮੁਖੀ ਵੀ ਰਹੇ। ਉਸ ਸਮੇਂ ਔਰਤਾਂ ਅਤੇ ਕੁੱਝ ਜਾਤੀਆਂ ਦੇ ਲੋਕ ਪੰਜਾਬ ਵਿਚ ਜਮੀਨ ਨਹੀਂ ਖਰੀਦ ਸਕਦੇ ਸਨ। ਇਸ ਕਾਨੂੰਨ ਨੂੰ ਉਨ੍ਹਾਂ ਨੇ ਰੱਦ ਕਰਵਾਇਆ ਅਤੇ ਨਵੇਂ ਕਾਨੂੰਨ ਦੇ ਮੁਤਾਬਿਕ ਹਰੇਕ ਨੂੰ ਜਮੀਨ ਖਰੀਦਣ ਦਾ ਅਧਿਕਾਰ ਦਿਵਾਇਆ। ਉਘੇ ਕਵੀ ਵਿਨੋਦ ਸ਼ਰਮਾ ਨੇ ਆਪਣੀ ਕਵਿਤਾ ਦੇ ਰਾਹੀਂ ਉਨ੍ਹਾਂ ਨੂੰ ਸ਼ਰਧਾਜਲੀ ਭੇਂਟ ਕੀਤੀ।
ਸਮਾਗਮ ਦੇ ਮੁੱਖ ਮਹਿਮਾਨ ਅਤੇ ਉਘੇ ਸਾਹਿਤਕਾਰ, ਪੱਤਰਕਾਰ ਸ਼੍ਰੀ ਪ੍ਰੇਮ ਵਿੱਜ ਨੇ ਸ਼ਰਧਾਜਲੀ ਭੇਟ ਕਰਦੇ ਹੋਏ ਕਿਹਾ ਕਿ ਡਾ. ਭਾਰਗਵ ਜੀ ਇਮਾਨਦਾਰੀ ਦੀ ਮਿਸਾਲ ਸਨ। ਸਾਂਝਾ ਪੰਜਾਬ ਬਨਣ ਤੋਂ ਬਾਅਦ ਉਹ ਮੁੱਖ ਮੰਤਰੀ ਰਹੇ ਅਤੇ ਰਚਨਾਤਮਕ ਜਿੰਮੇਵਾਰੀਆਂ ਨਿਭਾਈਆਂ।
ਗਾਂਧੀ ਸਮਾਰਕ ਭਵਨ ਦੇ ਡਾਇਰੈਕਟਰ ਦੇਵ ਰਾਜ ਤਿਆਗੀ ਨੇ ਸਮਾਗਮ ਵਿਚ ਪਹੁੰਚੇ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਡਾ. ਗੋਪੀ ਚੰਦ ਭਾਗਵਤ ਨੂੰ ਸ਼ਰਧਾਜਲੀ ਭੇਟ ਕਰਦਿਆਂ ਕਿਹਾ ਕਿ ਡਾ. ਭਾਰਗਵ ਨੇ ਆਪਣੇ ਕਾਰਜਕਾਲ ਦੌਰਾਨ ਮਿਸਾਲੀ ਕਾਇਮ ਕਰ ਕੇ ਪੰਜਾਬ ਦੇ ਲੋਕਾਂ ਦਾ ਦਿਲ ਜਿਤਿਆ। ਮੁੱਖ ਬੁਲਾਰੇ ਡਾ. ਸਰੀਤਾ ਮਹਿਤਾ ਨੇ ਸ਼ਰਧਾਜਲੀ ਭੇਂਟ ਕਰਦਿਆਂ ਕਿਹਾ ਕਿ ਡਾ. ਭਾਰਗਵ ਦਾ ਜੀਵਨ ਅਜਿਹਾ ਵਿਸ਼ਾਲ ਅਤੇ ਬਹੁਮੁੱਖੀ ਸੀ ਕਿ ਉਨ੍ਹਾਂ ਦਾ ਪ੍ਰਭਾਵ ਪੰਜਾਬ ਦੇ ਵੱਖ ਵੱਖ ਖੇਤਰਾਂ ਵਿਚ ਸਪੱਸ਼ਟ ਤੌਰ ’ਤੇ ਦਿਖਾਈ ਦਿੰਦਾ ਸੀ। ਇਸ ਮੌਕੇ ਯੋਗ ਗੁਰੂ ਨਰੇਸ਼ ਡਾ. ਨਰੇਸ਼ ਸ਼ਰਮਾ, ਪੂਨਮ ਸ਼ਰਮਾ, ਨੀਨਾ ਪੁੰਡੀਰ, ਮੁਕੇਸ਼ ਅਗਰਵਾਲ, ਇੰਦਰਾ ਕਸ਼ਿਸ਼, ਐਮ.ਕੇ. ਬਿਰਮਾਨੀ, ਬਲਦੇਵ ਰਾਜ ਆਦਿ ਹਾਜ਼ਰ ਸਨ।