ਜਲੰਧਰ: ਫਿਲੌਰ ਕਸਬੇ ‘ਚ ਇੱਕ ਲਾਪਤਾ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਉਸ ਸਮੇਂ ਭੜਕਿਆ ਜਦੋਂ ਮ੍ਰਿਤਕ ਦਾ ਪਰਿਵਾਰ ਫਿਲੌਰ-ਜਲੰਧਰ ਹਾਈਵੇ ‘ਤੇ ਧਰਨੇ ‘ਤੇ ਬੈਠ ਗਿਆ ਸੀ। ਦੋਵੇਂ ਸੜਕਾਂ ‘ਤੇ ਗੱਡੀਆਂ ਜਾਮ ‘ਚ ਫਸ ਗਈਆਂ ਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਹਰਮੇਸ਼ ਲਾਲ ਫਗਵਾੜਾ ‘ਚ ਕੰਮ ਕਰਦਾ ਸੀ। ਉਹ ਪਿਛਲੇ ਚਾਰ ਦਿਨਾਂ ਤੋਂ ਲਾਪਤਾ ਸੀ ਤੇ ਬੀਤੇ ਸੋਮਵਾਰ ਪਰਿਵਾਰ ਵਾਲਿਆਂ ਨੂੰ ਉਸ ਦੀ ਲਾਸ਼ ਮਿਲੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਰਮੇਸ਼ ਚਾਰ ਦਿਨ ਲਾਪਤਾ ਰਿਹਾ, ਜਿਸ ਕਰਕੇ ਉਹਨਾਂ ਨੇ ਪੁਲਿਸ ਨੂੰ ਤੁਰੰਤ ਕਾਰਵਾਈ ਕਰਨ ਦੀ ਬੇਨਤੀ ਵੀ ਕੀਤੀ ਸੀ। ਪਰਿਵਾਰ ਨੇ ਪੁਲਿਸ ‘ਤੇ ਢਿੱਲੀ ਕਾਰਵਾਈ ਕਰਨ ਦਾ ਦੋਸ਼ ਲਾਇਆ ਤੇ ਇਨਸਾਫ ਦੀ ਮੰਗ ਕਰਦਿਆਂ ਸੜਕ ‘ਤੇ ਬੈਠ ਗਏ। ਪਰਿਵਾਰ ਨਾਲ ਵੱਡੀ ਗਿਣਤੀ ਵਿੱਚ ਲੋਕ ਵੀ ਸ਼ਾਮਲ ਹੋ ਗਏ।
ਦੱਸ ਦਈਏ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਹੱਤਿਆ ਕੀਤੀ ਗਈ ਹੈ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ। ਇਸ ਦੇ ਨਾਲ ਹੀ ਪੁਲਿਸ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।