ਚੰਡੀਗੜ੍ਹ: ਪੰਜਾਬ ਦੇ ਸਕੂਲ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਹਰਜੋਤ ਸਿੰਘ ਬੈਂਸ ਨੇ ਲਿਬੀਆ ਵਿੱਚ ਫਸੇ ਸਾਰੇ 12 ਭਾਰਤੀਆਂ ਦੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਲਗਾਤਾਰ ਭਾਰਤੀ ਦੂਤਾਵਾਸ ਅਤੇ ਧੋਖਾਧੜੀ ਦੇ ਪੀੜਤਾਂ ਦੇ ਸੰਪਰਕ ਵਿੱਚ ਹਨ।ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਕੀਤੇ ਜਾ ਰਹੇ ਯਤਨਾਂ ਤੇ ਲੀਬੀਆ ਵਿੱਚ ਫਸੇ ਭਾਰਤੀਆਂ ਦੀ ਸਥਿਤੀ ਬਾਰੇ ਪੋਸਟ ਸਾਂਝੀ ਕੀਤੀ ਹੈ ਪਰ ਉਹ ਇਕ ਅਧਿਆਪਕ ਦੀ ਟਿੱਪਣੀ ਦੇਖ ਕੇ ਭੜਕ ਪਏ।
ਦਰਅਸਲ ਕੈਬਨਿਟ ਮੰਤਰੀ ਬੈਂਸ ਲੀਬੀਆ ਵਿੱਚ ਫਸੇ ਭਾਰਤੀਆਂ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਨੂੰ ਭੋਜਨ ਅਤੇ ਪੈਸੇ ਮੁਹੱਈਆ ਕਰਵਾਉਣ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਸਨ। ਉਦੋਂ ਹੀ ਇਕ ਕੰਪਿਊਟਰ ਅਧਿਆਪਕ ਨੇ ਟਿੱਪਣੀ ਕੀਤੀ। ਅਧਿਆਪਕ ਨੇ ਲਿਖਿਆ ਕਿ ਸਕੂਲਾਂ ਨੂੰ ਡਿਜੀਟਲ ਬਣਾਉਣ ਵਿਚ ਕੰਪਿਊਟਰ ਅਧਿਆਪਕਾਂ ਦਾ ਅਹਿਮ ਯੋਗਦਾਨ ਹੈ ਪਰ ਪਿਛਲੇ ਸਾਲਾਂ ਤੋਂ ਉਨ੍ਹਾਂ ਨੂੰ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ। ਟਿੱਪਣੀ ਦੇਖ ਕੇ ਮੰਤਰੀ ਬੈਂਸ ਭੜਕ ਗਏ।ਉਨ੍ਹਾਂ ਨੇ ਤੁਰੰਤ ਪ੍ਰੀਤ ਨੂੰ ਜਵਾਬ ਦਿੰਦਿਆਂ ਕਿਹਾ ਕਿ ਕੁਝ ਲੋਕ ਵਿਦੇਸ਼ਾਂ ਵਿਚ ਫਸੇ ਹੋਏ ਹਨ, ਉਹ ਵੀ ਕਿਸੇ ਦੇ ਪੁੱਤਰ ਹਨ। ਤੁਸੀਂ ਆਪਣੀ ਸਮੱਸਿਆ ਉਨ੍ਹਾਂ ਨੂੰ ਈਮੇਲ ਰਾਹੀਂ ਭੇਜ ਸਕਦੇ ਹੋ। ਘੱਟੋ-ਘੱਟ ਪੋਸਟ ਦੀ ਸੰਵੇਦਨਸ਼ੀਲਤਾ ਨੂੰ ਤਾਂ ਜ਼ਰੂਰ ਸਮਝੋ।
ਦਸ ਦਈਏ ਕਿ ਸਿੱਖਿਆ ਮੰਤਰੀ ਨੇ ਕਿਹਾ ਕਿ ਧੋਖਾਧੜੀ ਦਾ ਸ਼ਿਕਾਰ 12 ਭਾਰਤੀ ਦਸੰਬਰ ਵਿੱਚ ਤਿੰਨ ਵੱਖ-ਵੱਖ ਕਾਫ਼ਲਿਆਂ ’ਚ ਦੁਬਈ ਤੋਂ ਲਿਬੀਆ ਪਹੁੰਚੇ ਸਨ। ਇਨ੍ਹਾਂ 12 ਨੌਜਵਾਨਾਂ ’ਚੋਂ 7 ਜ਼ਿਲ੍ਹਾ ਰੂਪਨਗਰ ਦੇ ਹਨ ਤੇ ਚਾਰ ਉਸ ਦੇ ਗੁਆਂਢੀ ਪਿੰਡ ਲੰਗਮਜਾਰੀ ਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੱਤਾਂ ਤੋਂ ਇਲਾਵਾ 1 ਆਸਪੁਰ, 1 ਮੋਗਾ, 1 ਕਪੂਰਥਲਾ, 1 ਹਿਮਾਚਲ ਪ੍ਰਦੇਸ਼ ਤੇ 1 ਬਿਹਾਰ ਦਾ ਨੌਜਵਾਨ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਦੇ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਲਿਬੀਆ ਵਿੱਚ ਫਸੇ ਨੌਜਵਾਨਾਂ ਦੀ ਵੀਡੀਓ ਸਾਂਝੀ ਕੀਤੀ ਹੈ। ਇਸ ਦੌਰਾਨ ਹਰਜੋਤ ਬੈਂਸ ਨੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ੇਤਦਾਰਾਂ ਨੂੰ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਹਰ ਤਰ੍ਹਾਂ ਦੀ ਲੋੜੀਂਦੀ ਸਹੂਲਤ ਦਿੱਤੀ ਜਾ ਰਹੀ ਹੈ। ਉਹ ਛੇਤੀ ਹੀ ਆਪਣੇ ਨਾਲ ਹੋਣਗੇ।