ਤੁਰਕੀ ਅਤੇ ਸੀਰੀਆ ਵਿਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਨੌ ਹਜ਼ਾਰ ਨੂੰ ਪਾਰ ਕਰ ਗਈ ਹੈ। 50 ਹਜ਼ਾਰ ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਵੱਡੀ ਗਿਣਤੀ ਵਿੱਚ ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ।
ਇਸ ਦੌਰਾਨ ਤੁਰਕੀ ‘ਚ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ (ਯੂ. ਐੱਸ. ਜੀ. ਐੱਸ.) ਮੁਤਾਬਕ ਇਹ ਭੂਚਾਲ ਤੁਰਕੀ ਦੇ ਸ਼ਹਿਰ ਨੂਰਦਗੀ ‘ਚ ਮਹਿਸੂਸ ਕੀਤਾ ਗਿਆ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 4.3 ਮਾਪੀ ਗਈ ਹੈ।
ਇਸ ਦੇ ਨਾਲ ਹੀ ਭੂਚਾਲ ਕਾਰਨ ਹੋਈ ਤਬਾਹੀ ਤੋਂ ਬਾਅਦ ਵੀ ਮਲਬੇ ਹੇਠਾਂ ਲੋਕਾਂ ਦੇ ਜ਼ਿੰਦਾ ਹੋਣ ਦਾ ਖਦਸ਼ਾ ਹੈ। ਇਸ ਦੇ ਮੱਦੇਨਜ਼ਰ ਰਾਹਤ ਅਤੇ ਬਚਾਅ ਦਾ ਕੰਮ ਵੀ ਬਹੁਤ ਧਿਆਨ ਨਾਲ ਚੱਲ ਰਿਹਾ ਹੈ। ਜਿਹੜੇ ਲੋਕ ਜ਼ਿੰਦਾ ਹਨ, ਮਲਬੇ ਦੇ ਢੇਰ ਵਿਚ ਆਪਣੇ ਅਜ਼ੀਜ਼ਾਂ ਨੂੰ ਲੱਭ ਰਹੇ ਹਨ। ਦਿਨ-ਰਾਤ ਮਲਬੇ ਦੀ ਖੁਦਾਈ ਜਾਰੀ ਹੈ। ਲੋਕ ਆਪਣੇ ਹੱਥਾਂ ਨਾਲ ਮਲਬਾ ਵੀ ਸਾਫ਼ ਕਰ ਰਹੇ ਹਨ। ਕਈ ਥਾਵਾਂ ‘ਤੇ ਬਚਾਅ ਕਰਨ ਵਾਲਿਆਂ ਦੀ ਕਮੀ ਹੈ। ਆਲਮ ਇਹ ਹੈ ਕਿ ਮਲਬੇ ਦੇ ਅੰਦਰੋਂ ਜਿਉਂਦੇ ਲੋਕ ਚੀਕ ਰਹੇ ਹਨ, ਪਰ ਉਨ੍ਹਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਹੈ।