ਸਾਰੰਗੀ ਦੇ ਬਾਦਸ਼ਾਹ ਸ਼ਰੀਫ਼ ਈਦੂ ਦਾ ਦੇਹਾਂਤ

TeamGlobalPunjab
2 Min Read

ਨਿਊਜ਼ ਡੈਸਕ : ਰਵਾਇਤੀ ਲੋਕ ਸੰਗੀਤ ਦਾ ਉੱਚ ਦੁਮਾਲੜਾ ਬੁਰਜ ਸ਼ਰੀਫ ਇਦੂ ਢਹਿ ਢੇਰੀ ਹੋ ਗਿਆ। ਉਸ ਨੇ ਅੱਜ ਦੋ ਵਜੇ ਆਪਣੇ ਮਨੀਮਾਜਰਾ ਸਥਿਤ ਘਰ ਵਿੱਚ ਦਮ ਤੋੜ ਦਿੱਤਾ। ਉਹ ਪਿਛਲੇ ਕੁਝ ਸਮੇਂ ਤੋਂ ਅਧਰੰਗ ਹੋਣ ਕਾਰਨ ਚੱਲਣ ਫਿਰਨ ਤੋਂ ਲਾਚਾਰ ਸੀ। ਉਸ ਦੇ ਗਾਏ ਗੀਤ ਤੇ ਵਜਦ ‘ਚ ਆ ਕੇ ਵਜਾਈ ਸਾਰੰਗੀ ਨੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਡੇਢ ਘੰਟਾ ਖੜ੍ਹਾ ਰੱਖਿਆ ਸੀ। ਮਹਾਰਾਜਾ ਪਟਿਆਲਾ ਦੇ ਸ਼ਾਹੀ ਗਵੱਈਏ ਈਦੂ ਲਲੌਢੇ ਵਾਲੇ ਦੇ ਪੁੱਤਰ ਇਦੂ ਦਾ ਜਨਮ ਨਾਭਾ ਨੇੜੇ ਪਿੰਡ ਲਲੌਢੇ ਵਿਚ ਹੋਇਆ। ਖੱਚਰ ਰੇੜ੍ਹਾ ਵਾਹੁੰਦੇ ਨੂੰ ਸਾਰੰਗੀ ਚੁਕਵਾਈ ਪੰਮੀ ਬਾਈ ਨੇ।

ਭਾਰਤ ਉਤਸਵ ਵੇਲੇ ਉਸ ਨੂੰ ਮਿਊਜ਼ਿਕ ਟਾਈਮਜ਼ ਨੇ ਰੀਕਾਰਡ ਕੀਤਾ ਸੀ। ਉਸ ਦੀ ਗਾਈ ਹੀਰ ਦੀ ਕਲੀ ਦਾ ਕੋਈ ਜੋੜ ਨਹੀਂ। ਹਰਦੇਵ ਦਿਲਗੀਰ ਦੇ ਸਨਮਾਨ ‘ਚ ਬਣੀ ਸੋਸਾਇਟੀ ਵੱਲੋਂ ਸੋਖਾ ਉਦੋਪੁਰੀਆ ਨੇ ਵਲਾਇਤੋਂ ਪੰਜਾਹ ਹਜ਼ਾਰ ਰੁਪਏ ਘੱਲੇ ਜੋ ਮਨੀਮਾਜਰੇ ਜਾ ਕੇ ਉਸ ਦੇ ਪਰਿਵਾਰ ਨੂੰ ਇਲਾਜ਼ ਲਈ ਦਿੱਤੇ ਸਨ। ਘਰ ਦੀ ਹਾਲਤ ਬਦਤਰ ਸੀ। ਬੱਚਿਆਂ ਕੋਲ ਕੋਈ ਪੱਕਾ ਰੁਜ਼ਗਾਰ ਨਾ ਹੋਣ ਕਾਰਨ ਹਰ ਪਲ ਤਣਾਅ ‘ਚ ਰਹਿੰਦਾ ਸੀ। ਮਰਹੂਮ ਜਗਦੇਵ ਸਿੰਘ ਜੱਸੋਵਾਲ ਉਸ ਨੂੰ ਲੰਮਾ ਸਮਾਂ ਸਰਪ੍ਰਸਤੀ ਦਿੰਦੇ ਰਹੇ। ਪੂਰਾ ਪੰਜਾਬ ਘੁੰਮਾਇਆ। ਉਸ ਦੇ ਪੁੱਤਰ ਸੁੱਖੀ ਖ਼ਾਨ ਦੀ ਵੀ ਬਾਪ ਨਾਲ ਰਲ ਕੇ ਇੱਕ ਕੈਸਿਟ ਰੀਕਾਰਡ ਹੋਈ ਸੀ। ਜੋ ਬਹੁਤ ਚੱਲੀ ਪਰ ਆਰਥਿਕ ਲਾਹਾ ਨਾ ਦੇ ਸਕੀ। ਇਸ ਤੋਂ ਇਲਾਵਾ ਸ਼ਰੀਫ ਨੂੰ ਭਾਸ਼ਾ ਵਿਭਾਗ, ਪੰਜਾਬ ਦਾ ਸ਼੍ਰੋਮਣੀ ਢਾਡੀ ਦਾ ਐਵਾਰਡ ਵੀ ਮਿਲ ਚੁਕਾ ਹੈ। ਕੁਝ ਸਮਾਂ ਪਹਿਲਾਂ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਸ ਨੂੰ ਇਲਾਜ਼ ਲਈ ਆਰਥਿਕ ਸਹਾਇਤਾ ਆਪ ਉਸ ਦੇ ਘਰ ਜਾ ਦਿੱਤੀ ਸੀ। ਉਸ ਦੇ ਪੁੱਤਰ ਸੁੱਖੀ ਖ਼ਾਨ ਨੇ ਦੱਸਿਆ ਕਿ ਸ਼ਰੀਫ਼ ਈਦੂ ਦੀਆਂ ਆਖ਼ਰੀ ਰਸਮਾਂ ਮਨੀਮਾਜਰਾ ਚ 8 ਜਨਵਰੀ ਨੂੰ ਕੀਤੀਆਂ ਜਾਣਗੀਆਂ।

ਪੰਜਾਬੀ ਦੇ ਪ੍ਰਸਿੱਧ ਸ਼ਾਇਰ ਗੁਰਭਜਨ ਗਿੱਲ, ਪੰਜਾਬ ਯੂਨੀਵਰਸਿਟੀ ਯੂਥ ਵੈੱਲਫੇਅਰ ਡਿਪਾਰਟਮੈਂਟ ਦੇ ਡਾਇਰਕਟਰ ਨਿਰਮਲ ਜੌੜਾ ਅਤੇ ਪੰਜਾਬੀ ਦੇ ਲੇਖਕ ਮਲਕੀਤ ਔਜਲਾ ਨੇ ਸ਼ਰੀਫ਼ ਈਦੂ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਸ ਦੇ ਜਾਣ ਨਾਲ ਲੋਕ ਸੰਗੀਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

-ਰਿਪੋਰਟ: ਅਵਤਾਰ ਸਿੰਘ

Share This Article
Leave a Comment