ਬਹਾਦਰੀ ਤੇ ਜੂਝਾਰੂਪਣ ਨੂੰ ਸਮਰਪਿਤ 2 ਕਰੋੜ ਦੀ ਲਾਗਤ ਨਾਲ ਬਣਿਆ ਦੇਸ਼ ਦਾ ਪਹਿਲਾ ਇਤਿਹਾਸਕ ਸਾਰਾਗੜ੍ਹੀ ਮਿਊਜ਼ੀਅਮ

Rajneet Kaur
3 Min Read

ਚੰਡੀਗੜ੍ਹ:: ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਵਿੱਚ ਦੁਸ਼ਮਣ ਨਾਲ ਟੱਕਰ ਲੈਂਦਿਆਂ ਸ਼ਹੀਦੀ ਪ੍ਰਾਪਤ ਕਰਨ ਵਾਲੇ 21 ਸਿੱਖ ਬਹਾਦਰ ਸੈਨਿਕਾਂ ਦੀ ਲਾਮਿਸਾਲ ਕੁਰਬਾਨੀ, ਬਹਾਦਰੀ ਤੇ ਜੂਝਾਰੂਪਣ ਨੂੰ ਸਮਰਪਿਤ 2 ਕਰੋੜ ਦੀ ਲਾਗਤ ਨਾਲ ਬਣਿਆ ਦੇਸ਼ ਦਾ ਪਹਿਲਾ ਇਤਿਹਾਸਕ ਸਾਰਾਗੜ੍ਹੀ ਮਿਊਜ਼ੀਅਮ ਲੋਕ ਅਰਪਿਤ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਦੀ ਯੋਗ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਕੌਮੀ ਸ਼ਹੀਦਾਂ ਦੀ ਯਾਦਗਾਰ, ਪੰਜਾਬ ਦੇ ਸ਼ਾਨਾਮਤੀ ਇਤਿਹਾਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ, ਰਾਜ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਇਤਿਹਾਸਕ ਮਹੱਤਤਾ ਵਾਲੇ ਸਥਾਨਾਂ ਦੇ ਵਿਕਾਸ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਅੱਜ ਵਿਧਾਇਕ ਸਰਣਬੀਰ ਸਿੰਘ ਭੁੱਲਰ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਸਾਰਾਗੜ੍ਹੀ ਮਿਊਜ਼ੀਅਮ ਦਾ ਲੋਕ-ਅਰਪਣ ਕੀਤਾ।

ਉਨ੍ਹਾਂ ਦੱਸਿਆ ਕਿ ਇਸ ਮਿਊਜ਼ੀਅਮ ਵਿੱਚ ਸਾਰਾਗੜ੍ਹੀ ਜੰਗ ਦੇ ਸਮੇਂ ਵਰਤੇ ਜਾਣ ਸਿਗਨਲਿੰਗ ਤਕਨੀਕ ਦੇ ਆਰਕੀਫੈਕਟਸ, ਇਕਿਊਪਮੈਂਟ, ਕੋਡਿੰਗ, ਡਿਕੋਡਿੰਗ ਨੂੰ ਦਰਸਾਇਆ ਗਿਆ ਹੈ, ਜਿਸ ਨਾਲ ਇਥੇ ਆਉਣ ਵਾਲੇ ਲੋਕਾਂ ਅਤੇ ਖਾਸ ਕਰ ਸਕੂਲੀ ਵਿਦਿਆਰਥੀਆਂ ਨੂੰ ਇਤਿਹਾਸਕ ਦੇ ਨਾਲ-ਨਾਲ ਤਕਨੀਕੀ ਗਿਆਨ ਵੀ ਮਿਲੇਗਾ। ਇਸ ਮਿਊਜ਼ੀਅਮ ਵਿੱਚ ਸੱਤ ਗੈਲਰੀਆਂ ਬਣੀਆਂ ਹਨ ਜੋ ਕਿ ਸਾਰਾਗੜ੍ਹੀ ਪੋਸਟ ਅਤੇ ਜੰਗ ਦੀ ਵੱਖ-ਵੱਖ ਪਹਲੂਆਂ ਤੋਂ ਤਸਵੀਰ ਪੇਸ਼ ਕਰਦੀਆਂ ਹਨ। ਪਹਿਲੀ ਗੈਲਰੀ ਵਿੱਚ ਸਾਰਾਗੜ੍ਹੀ ਪੋਸਟ ਦਾ ਮਾਡਲ ਬਣਾਇਆ ਗਿਆ ਹੈ ਅਤੇ ਸਾਰਾਗੜ੍ਹੀ ਜੰਗ ਦਾ ਇਤਿਹਾਸ ਵੀ ਦਿਖਾਇਆ ਗਿਆ ਹੈ, ਜਿਸ ਵਿੱਚ ਸਾਰਾਗੜ੍ਹੀ ਦੇ ਸ਼ਹੀਦਾਂ ਬਾਰੇ ਜਾਣਕਾਰੀ ਹੈ। ਗੈਲਰੀ -2 ਵਿੱਚ ਥਰੀ ਡੀ ਥਿਏਟਰ ਬਣਾਇਆ ਗਿਆ ਹੈ ਜਿੱਥੇ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ ਹਜ਼ਾਰਾਂ ਅਫਗਾਨਾਂ ਨਾਲ ਨਾਲ ਲੜੇ 21 ਸਿੱਖ ਸੈਨਿਕਾਂ ਦੀ ਸ਼ੂਰਬੀਰਤਾ ਨੂੰ ਸਮਰਪਿਤ ਸਾਰਾਗੜ੍ਹੀ ਦੀ ਇਤਿਹਾਸਕ ਜੰਗ ਨੂੰ ਦਰਸਾਊਂਦੀ ਦੀ ਪੂਰੀ ਮੂਵੀ ਦਿਖਾਈ ਜਾਂਦੀ ਹੈ।

ਗੈਲਰੀ-3 ਵਿੱਚ ਹੀਲਿਓਗ੍ਰਾਫੀ ਗੈਲਰੀ ਹੈ ਜਿਸ ਵਿੱਚ ਉਸ ਵੇਲੇ ਦੋ ਕਿਲੇ ਅਤੇ ਇਕ ਪੋਸਟ ਦੇ ਵਿੱਚ ਕਿਸ ਪ੍ਰਕਾਰ ਸਿਗਨਲਿੰਗ ਹੁੰਦੀ ਸੀ ਬਾਰੇ ਲਈਵ ਵੀ.ਐਫ.ਐਕਸ. ਤਕਨੀਕ ਰਾਹੀਂ ਦਿਖਾਇਆ ਗਿਆ ਹੈ। ਗੈਲਰੀ-4 ਵਿੱਚ ਟੂ ਡੀ ਮੂਵੀ ਚਲਦੀ ਹੈ ਜਿਸ ਵਿੱਚ ਇਸ ਲੜਾਈ ਤੋਂ ਬਾਅਦ ਦੀਆਂ ਹਾਲਾਤਾਂ, ਘਟਨਾਵਾਂ, ਸਨਮਾਨਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਹੈ। ਅਗਲੀ ਗੈਲਰੀ ਵਿੱਚ ਇਸ ਲੜਾਈ ਦੌਰਾਨ ਸਿੱਖ ਫੌਜੀਆਂ ਅਤੇ ਅਫ਼ਗਾਨਾਂ ਵੱਲੋਂ ਵਰਤੇ ਗਏ ਹਥਿਆਰਾਂ ਅਤੇ ਬੰਦੂਕਾਂ ਨੂੰ ਪ੍ਰਤੀਕ੍ਰਿਤਿਆਂ ਦੁਆਰਾ ਦਿਖਾਇਆ ਗਿਆ ਹੈ। ਛੇਵੀਂ ਗੈਲਰੀ ਜਿਸ ਨੂੰ ਲਾਸਟ ਮੈਨ ਗੈਲਰੀ ਵੀ ਕਿਹਾ ਜਾਂਦਾ ਹੈ ਆਖ਼ਰੀ ਸ਼ਹੀਦ ਗੁਰਮੁਖ ਸਿੰਘ ਨੂੰ ਸਮਰਪਿਤ ਹੈ। ਇਸ ਤੋਂ ਬਾਅਦ ਆਖ਼ਰੀ ਗੈਲਰੀ-7 ਹੈ ਜੋ ਕਿ ਸ਼ਰਧਾਂਜਲੀ ਗੈਲਰੀ ਅਤੇ ਸੈਲਫ਼ੀ ਗੈਲਰੀ ਹੈ। ਇੱਥੇ ਸਿੱਖ ਫੌਜੀਆਂ ਦੀ ਬੰਦੂਕ ਰੱਖੀ ਗਈ ਹੈ ਜਿੱਥੇ ਸੈਂਸਰ ਲਗਾਇਆ ਗਿਆ ਹੈ ਜਿਸ ਨੂੰ ਛੂਹ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਇਸੇ ਗੈਲਰੀ ਵਿੱਚ ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦਾ ਲਾਈਵ ਕਟਆਊਟ ਲਗਾਇਆ ਗਿਆ ਹੈ ਜਿਸ ਕੋਲ ਖੜ੍ਹੇ ਹੋ ਕੇ ਲੋਕ ਸੈਲਫ਼ੀ ਲੈ ਸਕਦੇ ਹਨ। ਇਸ ਗੈਲਰੀ ਵਿੱਚ ਉਸ ਵੇਲੇ ਦੀਆਂ ਅਖ਼ਬਾਰਾਂ ਦੀ ਕਟਿੰਗ ਅਤੇ ਮਹਾਰਾਣੀ ਵਿਕਟੋਰੀਆਂ ਦੂਆਰਾ ਕੀਤਾ ਸਨਮਾਨ, ਸ਼ਹੀਦਾਂ ਦੀਆਂ ਬਣੀਆਂ ਯਾਦਗਾਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਗੈਲਰੀਆਂ ਵਿੱਚ ਟੱਚ ਪੈਨਲ ਲਗਾਏ ਗਏ ਹਨ ਜਿਨ੍ਹਾਂ ਵਿੱਚ ਸਾਰਾਗੜ੍ਹੀ ਜੰਗ ਅਤੇ ਸ਼ਹੀਦਾਂ ਬਾਰੇ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਵਿਸਥਾਰ ਨਾਲ ਜਾਣਕਾਰੀ ਲਈ ਜਾ ਸਕਦੀ ਹੈ।

Share This Article
Leave a Comment