ਚੰਡੀਗੜ੍ਹ, (ਅਵਤਾਰ ਸਿੰਘ): ਸਰਮਾਏਦਾਰੀ ਵਿਕਾਸ ਮਾਡਲ ਤਕਰੀਬਨ ਸਾਰੀ ਦੁਨੀਆ ਵਿੱਚ ਹੀ ਫੇਲ੍ਹ ਹੋ ਚੁੱਕਾ ਹੈ ਅਤੇ ਆਪਣਾ ਸਮਾਂ ਵਿਹਾ ਚੁੱਕਾ ਹੈ। ਇਸ ਲਈ ਹੁਣ ਨਵੇਂ ਵਿਕਾਸ ਮਾਡਲ ਦੀ ਲੋੜ ਹੈ। ਸਰਮਾਏਦਾਰੀ ਮਾਡਲ ਨੇ ਕੁਦਰਤ ਨਾਲ ਟਕਰਾਅ ਪੈਦਾ ਕੀਤਾ ਹੈ ਭਾਵੇਂ ਪਦਾਰਥਕ ਤੌਰ ‘ਤੇ ਤਰੱਕੀ ਹੋਈ ਹੋਵੇ ਪਰ ਇਹ ਕੁਦਰਤ ਵਿਰੋਧੀ ਅਤ ਲੋਕ ਵਿਰੋਧੀ ਸੀ। ਇਸ ਨਾਲ ਮਨੁੱਖ ਕੁਦਰਤ ਨਾਲੋਂ ਵੀ ਟੁੱਟਿਆ ਹੈ ਅਤੇ ਅਪਾਣੇ-ਆਪ ਨਾਲੋਂ ਵੀ ਟੁੱਟ ਗਿਆ ਹੈ ਕਿਉਂਕਿ ਇਸ ਮਾਡਲ ਦਾ ਅਧਾਰ ਸਿਰਫ਼ ਆਰਥਕ ਸੀ ਤੇ ਇਸ ਦਾ ਸਿਖ਼ਰ ਗਲੋਬਲਾਈਜ਼ੇਸ਼ਨ ਹੈ। ਇਹ ਵਿਚਾਰ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋਂ ਗੁਰਮੀਤ ਸਿੰਘ ਪਲਾਹੀ ਦੀ ਪ੍ਰਧਾਨਗੀ ਹੇਠ ‘ਬਦਲਵੇਂ ਵਿਕਾਸ ਮਾਡਲ’ ਵਿਸ਼ੇ ਉਤੇ ਕਰਵਾਏ ਗਏ 23ਵੇਂ ਹਫ਼ਤਾਵਾਰੀ ਵੈਬੀਨਾਰ ਸਮੇਂ ਪ੍ਰਸਿੱਧ ਵਿਚਾਰਵਾਨ ਡਾ: ਸਵਰਾਜ ਸਿੰਘ ਨੇ ਪ੍ਰਗਟ ਕੀਤੇ। ਉਹਨਾ ਕਿਹਾ ਕਿ ਜਿਥੇ ਕੁਦਰਤ ਆਪਣੇ ਨਿਯਮਾਂ ਤੇ ਚਲਦੀ ਹੈ ਉਥੇ ਸਰਮਾਏਦਾਰੀ ਮਾਡਲ ਇਸਨੂੰ ਤੋੜਦਾ ਹੈ ਅਤੇ ਇਹ ਮਨੁੱਖ ਦੁਆਰਾ ਪੈਦਾ ਕੀਤੇ ਨਿਯਮਾਂ ਤੇ ਚਲਣ ਦੀ ਕੋਸ਼ਿਸ਼ ਹੈ। ਇਸੇ ਕਾਰਨ ਇਸ ਮਾਡਲ ਦਾ ਪ੍ਰਭਾਵ ‘ਹਰੇ ਇਨਕਲਾਬ’ ਨਾਲ ਸ਼ੁਰੂ ਹੋਇਆ। ਇਸ ਨੇ ਪੰਜਾਬ ਦੇ ਰਵਾਇਤੀ ਮਾਡਲ ਜਿਹੜਾ ਹਜ਼ਾਰਾਂ ਸਾਲਾਂ ਤੋਂ ਚਲਿਆ ਆ ਰਿਹਾ ਸੀ ਨੂੰ ਤੋੜ ਕੇ ਇਸ ਦੇ ਆਰਥਕ, ਬੌਧਿਕ ਅਤੇ ਸਮਾਜਿਕ ਮਾਡਲ ਤੇ ਕਬਜ਼ਾ ਕਰ ਲਿਆ ਜਿਸ ਦੇ ਨਤੀਜੇ ਅਸੀਂ ਅੱਜ ਭੁਗਤ ਰਹੇ ਹਾਂ। ਇਸਨੇ ਸਿਹਤ, ਰੁਜ਼ਗਾਰ ਅਤੇ ਖੇਤੀ ਮਾਡਲ ਤੇ ਬੁਰੇ ਪ੍ਰਭਾਵ ਪਾਏ। ਇਸ ਨੇ ਪੰਜਾਬ ਦੇ ਸਮਾਜਿਕ ਢਾਂਚੇ ਨੂੰ ਵੀ ਆਪਣੇ ਅਨੁਸਾਰ ਢਾਲਿਆ, ਜੁਆਨੀ ਕਿਰਤ ਨਾਲੋਂ ਟੁੱਟ ਕੇ ਪ੍ਰਵਾਸ ਵੱਲ ਹੋ ਤੁਰੀ, ਜਿਸ ਕਾਰਨ ਇਥੋਂ ਬੌਧਿਕ ਪ੍ਰਵਾਸ ਵੀ ਹੋਇਆ। ਹੁਣ ਦਾ ਕਿਰਸਾਨੀ ਸੰਕਟ ਵੀ ਇਸੇ ਦਾ ਨਤੀਜਾ ਹੈ। ਕੇਂਦਰ ਅਜੇ ਵੀ ਗਲੋਬਲਾਈਜ਼ੇਸ਼ਨ ਨੂੰ ਸੂਬਿਆਂ ਉਤੇ ਥੋਪ ਰਿਹਾ ਹੈ। ਇਹ ਵਰਤਾਰਾ ਪੰਜਾਬ ਦੀ ਰੂਹ ਦੇ ਵਿਰੋਧ ਵਿੱਚ ਖੜਾ ਹੈ। ਪੰਜਾਬ ਦਾ ਪਹਿਲਾ ਖੇਤੀ ਮਾਡਲ ਕੁਦਰਤ ਦੇ ਨਿਯਮਾਂ ਦੇ ਬਹੁਤ ਨੇੜੇ ਸੀ ਜਦੋਂ ਕਿ ਹਰੇ ਇਨਕਲਾਬ ਨੇ ਇਥੋਂ ਦਾ ਕੁਦਰਤੀ ਰੋਟੇਸ਼ਨ ਦਾ ਵਰਤਾਰਾ ਖ਼ਤਮ ਕਰ ਦਿੱਤਾ ਹੈ। ਸਾਨੂੰ ਮੁੜਕੇ ਆਪਣੇ ਕੁਦਰਤੀ ਖੇਤੀ ਮਾਡਲ ਵੱਲ ਮੁੜਨਾ ਪਵੇਗਾ। ਅਸੀਂ ਆਪਣੇ ਪੁਰਖ਼ਿਆਂ ਦੇ ਪੰਜ ਹਜ਼ਾਰ ਸਾਲ ਦੇ ਤਜ਼ਰਬੇ ਨੂੰ ਛੱਡ ਕੇ ਅਮਰੀਕੀ ਮਾਡਲ ਅਪਨਾ ਕੇ ਆਪਣੀ ਭਾਈਚਾਰਕ ਸਾਂਝ ਵੀ ਖ਼ਤਮ ਕਰ ਲਈ ਹੈ।
ਉਹਨਾ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਸਾਨ ਥੋੜ੍ਹੀ ਜ਼ਮੀਨ ਵਿੱਚ ਵੀ ਗੁਜ਼ਾਰਾ ਕਰ ਸਕਦਾ ਹੈ ਪਰ ਭਾਈਚਾਰਕ ਸਾਂਝ ਦਾ ਮਾਡਲ ਅਪਣਾਉਣਾ ਪਵੇਗਾ। ਜੇਕਰ ਛੋਟੇ-ਛੋਟੇ ਖੇਤਾਂ ਨੂੰ ਇਕੱਠਾ ਕਰਕੇ ਸਾਂਝੀ ਖੇਤੀ ਵੱਲ ਧਿਆਨ ਦਿੱਤਾ ਜਾਵੇ ਤਾਂ ਲਾਗਤ ਘੱਟ ਜਾਵੇਗੀ ਤੇ ਲੋਕਾਂ ਲਈ ਲਾਭ ਵਧ ਜਾਵੇਗਾ। ਮਾਡਲ ਨੂੰ ਬਦਲਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।
ਇਸ ਵੈਬੀਨਾਰ ਦੀ ਕਾਰਵਾਈ ਰਿਲੀਜ਼ ਕਰਦਿਆਂ ਮੰਚ ਮੀਡੀਆ ਕੋਆਰਡੀਨੇਟਰ ਪਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਇਸੇ ਵਿਚਾਰ-ਚਰਚਾ ਨੂੰ ਅੱਗੋਂ ਵੱਖੋ-ਵੱਖਰੇ ਵਿਦਵਾਨਾਂ ਨੇ ਤੋਰਿਆ। ਡਾ: ਹਰਜਿੰਦਰ ਵਾਲੀਆ ਅਤੇ ਡਾ: ਮਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਅਸੀਂ ਹਰੀ ਕ੍ਰਾਂਤੀ ਦੇ ਨਤੀਜੇ ਭੁਗਤ ਰਹੇ ਹਾਂ। ਬਰੇਨ ਡਰੇਨ ਅਤੇ ਮਨੀ ਡਰੇਨ ਦੋਵੇਂ ਹੋ ਰਹੇ ਹਨ। ਨਵੇਂ ਵਿਕਾਸ ਮਾਡਲ ਲਈ ਬਾਬੇ ਨਾਨਕ ਦੇ ਫਲਸਫੇ-ਕਿਰਤ ਕਰਨੀ, ਵੰਡ ਕੇ ਛੱਕਣਾ ਨੂੰ ਧਿਆਨ ਵਿੱਚ ਰੱਖਕੇ ਕੰਮ ਕਰਨਾ ਚਾਹੀਦਾ ਹੈ। ਇਸ ਲਈ ਗੂੜ੍ਹੇ ਚਿੰਤਨ ਦੀ ਲੋੜ ਹੈ।
ਇਸੇ ਤਰ੍ਹਾਂ ਪ੍ਰੋ: ਰਣਜੀਤ ਸਿੰਘ ਧੀਰ ਅਤੇ ਡਾ: ਸਿਆਮ ਸੁੰਦਰ ਦੀਪਤੀ ਹੋਰਾਂ ਨੇ ਵਿਚਾਰ ਪ੍ਰਗਟ ਕੀਤਾ ਕਿ ਆਰਥਕ ਮੁੱਦਿਆਂ ਤੇ ਲੋਕ-ਪੱਖੀ ਮਾਡਲ ਅਪਣਾਇਆ ਜਾਵੇ ਅਤੇ ਸਿਹਤ ਸਿੱਖਿਆ ਵੀ ਇਸ ‘ਚ ਸ਼ਾਮਲ ਹੋਣ। ਇਹ ਮਾਡਲ ਹਰ ਸੂਬੇ ਦੀਆਂ ਹਾਲਤਾਂ ਨੂੰ ਵੇਖਦੇ ਹੋਏ ਵੱਖੋ-ਵੱਖਰਾ ਹੋ ਸਕਦਾ ਹੈ। ਲੋਕਾਂ ਨੂੰ ਆਰਥਿਕ ਮੁੱਦੇ ਤੇ ਇਕੱਠਾ ਕਰਨਾ ਔਖਾ ਹੈ ਅਤੇ ਧਾਰਮਿਕ ਮੁੱਦੇ ਇਕੱਠਾ ਕਰਨਾ ਬਹੁਤ ਸੌਖਾ ਹੈ। ਇਹ ਪਹਿਲੀ ਵਾਰੀ ਹੋਇਆ ਹੈ ਕਿਸਾਨੀ ਸੰਕਟ ਦੇ ਖਿਲਾਫ਼ ਸਾਰੇ ਵਰਗ ਆਰਥਿਕ ਮੁੱਦੇ ਤੇ ਇਕੱਠੇ ਹੋਏ ਹਨ।
ਪ੍ਰੋ: ਜਸਵੰਤ ਸਿੰਘ ਗੰਡਮ ਨੇ ਕਿਹਾ ਕਿ ਪੰਜਾਬ ਨੇ ਬਹੁਤ ਸਮੇਂ ਬਾਅਦ ਜੀਊਂਦੇ ਹੋਣ ਦਾ ਸਬੂਤ ਦਿੱਤਾ ਹੈ। ਮੋਦੀ ਸਰਕਾਰ ਲੋਕਤੰਤਰ ਦੇ ਪ੍ਰੀਵਾਰ ਨੂੰ ਢਾਅ ਲਾ ਰਹੀ ਹੈ। ਇਸ ਨਾਲ ਸਾਡੀ ਭਾਈਚਾਰਕ ਸਾਂਝ ਮੁੜ ਸੁਰਜੀਤ ਹੋਈ ਹੈ।
ਜਰਮਨ ਤੋਂ ਕੇਹਰ ਸ਼ਰੀਫ਼ ਅਤੇ ਇੰਗਲੈਂਡ ਤੋਂ ਰਵਿੰਦਰ ਸਹਿਰਾਅ ਨੇ ਦੱਸਿਆ ਕਿ ਜਦੋਂ ਫੈਡਰਲ ਢਾਂਚੇ ਤੇ ਸੱਟ ਵੱਜਦੀ ਹੈ ਤਾਂ ਲੋਕਾਂ ਦੀ ਹੋਂਦ ਲਈ ਲਹਿਰਾਂ ਉੱਠਦੀਆਂ ਹਨ ਅਤੇ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ। ਉਹਨਾ ਪੰਜਾਬ ਲਈ ਸਾਂਝੀ ਖੇਤੀ ਮਾਡਲ ਤੇ ਜ਼ੋਰ ਦਿੱਤਾ। ਸ਼ਿਵਦੀਪ ਕੌਰ ਢੇਸੀ, ਆਸਾ ਸਿੰਘ ਘੁੰਮਣ ਅਤੇ ਸੁਰਿੰਦਰ ਮਚਾਕੀ ਨੇ ਕਿਹਾ ਕਿ ਕਿਸਾਨੀ ਅੰਦੋਲਨ ਨੇ ਪੰਜਾਬ ਨੂੰ ਨੀਂਦ ਵਿੱਚੋਂ ਜਗਾ ਦਿੱਤਾ ਹੈ। ਉਹਨਾ ਮੀਡੀਆ ਦੇ ਰੋਲ ਤੇ ਵੀ ਉਂਗਲ ਉਠਾਈ ਕਿ ਕਈ ਵਾਰੀ ਉਹ ਭੜਕਾਊ ਖ਼ਬਰਾਂ ਨਸ਼ਰ ਕਰਦੇ ਹਨ। ਡਾ: ਚਰਨਜੀਤ ਸਿੰਘ ਗੁਮਟਾਲਾ ਅਤੇ ਡਾ: ਕੋਮਲ ਸਿੰਘ ਨੇ ਕਿਹਾ ਕਿ ਸੁਬਾਈ ਮੁਖਤਿਆਰੀ ਕਾਇਮ ਰਖਣੀ ਚਾਹੀਦੀ ਹੈ। ਕੇਂਦਰ ਸਰਕਾਰ ਇਸਨੂੰ ਢਾਅ ਲਾ ਰਹੀ ਹੈ।
ਅੰਤ ਵਿੱਚ ਡਾ: ਸਵਰਾਜ ਸਿੰਘ ਨੇ ਉਠੇ ਸਵਾਲਾਂ ਦੇ ਵਿਸਥਾਰਪੂਰਵਕ ਜੁਆਬ ਦਿੱਤੇ ਅਤੇ ਰਵਿੰਦਰ ਚੋਟ ਨੇ ਸਾਰੇ ਹਾਜ਼ਰ ਵਕਤਿਆਂ ਦਾ ਧੰਨਵਾਦ ਕੀਤਾ।
ਹੋਰਨਾਂ ਤੋਂ ਇਲਾਵਾ ਇਸ ਵੈਬੀਨਾਰ ਵਿੱਚ ਡਾ: ਸਵਰਾਜ ਸਿੰਘ, ਡਾ: ਐਸ.ਪੀ. ਸਿੰਘ, ਡਾ: ਗਿਆਨ ਸਿੰਘ, ਡਾ: ਸ਼ਿਆਮ ਸੁੰਦਰ ਦੀਪਤੀ, ਡਾ: ਨਰਿੰਦਰਜੀਤ ਸਿੰਘ ਸੋਢੀ, ਡਾ: ਕੋਮਲ ਸਿੰਘ, ਡਾ: ਆਸਾ ਸਿੰਘ ਘੁੰਮਣ, ਡਾ: ਹਰਜਿੰਦਰ ਵਾਲੀਆ, ਡਾ: ਚਰਨਜੀਤ ਸਿੰਘ ਗੁੰਮਟਾਲਾ, ਮਲਵਿੰਦਰ ਸਿੰਘ ਮਾਲੀ, ਪ੍ਰੋ: ਰਣਜੀਤ ਧੀਰ, ਪ੍ਰੋ: ਜਸਵੰਤ ਸਿੰਘ ਗੰਡਮ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਸੁਰਿੰਦਰ ਮਚਾਕੀ, ਐਡਵੋਕੇਟ ਦਰਸ਼ਨ ਸਿੰਘ ਰਿਆੜ, ਐਡਵੋਕੇਟ ਸੰਤੋਖ ਲਾਲ ਵਿਰਦੀ, ਕੇਹਰ ਸ਼ਰੀਫ਼ ਜਰਮਨੀ, ਰਵਿੰਦਰ ਸਹਿਰਾਅ ਯੂ.ਐਸ.ਏ., ਕਮਲਜੀਤ ਸਿੰਘ, ਮਨਦੀਪ ਸਿੰਘ, ਜਨਕ ਪਲਾਹੀ, ਬੰਸੋ ਦੇਵੀ, ਗੁਰਦੀਪ ਬੰਗੜ, ਕੁਲਦੀਪ ਚੰਦ, ਰਵਿੰਦਰ ਚੋਟ ਆਦਿ ਸਾਮਲ ਸਨ। ਇਸ ਵੈਬੀਨਾਰ ਵਿੱਚ ਹੋਸਟ ਦੀ ਡਿਊਟੀ ਪਰਵਿੰਦਰਜੀਤ ਸਿੰਘ ਨੇ ਬਾਖ਼ੂਬੀ ਨਿਭਾਈ।