ਫਰੀਦਕੋਟ : ਪੰਜਾਬ ਤੋਂ ਰਾਜਸਥਾਨ ਪਾਣੀ ਲੈ ਕੇ ਜਾਂਦੀਆਂ ਨਹਿਰਾਂ ਸਰਹੰਦ ਫੀਡਰ ਅਤੇ ਰਾਜਸਥਾਨ ਫੀਡਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੱਕਾ ਕਰਵਾਇਆ ਜਾ ਰਿਹਾ ਹੈ। ਜਿਸ ਦੇ ਲਈ ਬਕਾਇਦਾ ਤੌਰ ‘ਤੇ ਬਜਟ ਦਾ ਵੱਡਾ ਹਿੱਸਾ ਰੱਖਿਆ ਜਾਵੇਗਾ। ਪਰ ਇਸ ਨਾਲ ਨਾ ਸਿਰਫ ਜਿਹੜੇ ਇਲਾਕੇ ਵਿੱਚੋਂ ਇਹ ਨਹਿਰਾਂ ਜਾਂਦੀਆਂ ਹਨ ਉੱਥੋਂ ਦੀ ਬਨਸਪਤੀ ਨੂੰ ਨੁਕਸਾਨ ਹੋ ਰਿਹਾ ਹੈ ਬਲਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵੀ ਹੋਰ ਹੇਠਾਂ ਜਾਵੇਗਾ। ਇਸ ਨੂੰ ਲੈ ਕੇ ਜਲ ਜੀਵਨ ਬਚਾਓ ਮੋਰਚਾ ਵੱਲੋਂ ਅੱਜ ਫਰੀਦਕੋਟ ‘ਚ ਪ੍ਰਦਰਸ਼ਨ ਕੀਤਾ ਗਿਆ ਹੈ।
ਜਲ ਜੀਵਨ ਮੋਰਚਾ ਵੱਲੋਂ ਆਮ ਆਦਮੀ ਪਾਰਟੀ ਦੇ ਖਿਲਾਫ ਨਾਅਰੇਬਾਜੀ ਕੀਤੀ ਗਈ। ਜਲ ਜੀਵਨ ਮੋਰਚਾ ਦਾ ਕਹਿਣਾ ਹੈ ਕਿ ਇਸ ਨਾਲ ਪਾਣੀ ਦਾ ਪੱਧਰ ਵੀ ਹੇਠਾਂ ਜਾਵੇਗਾ ਅਤੇ ਬਨਸਪਤੀ ਨੂੰ ਬਹੁਤ ਨੁਕਸਾਨ ਹੋਵੇਗਾ। ਮੋਰਚੇ ਵੱਲੋਂ ਬੀਤੇ ਦਿਨੀਂ ਵਿਧਾਨ ਸਭਾ ਸਪੀਕਰ ਨੂੰ ਇਸ ਲਈ ਮੰਗ ਪੱਤਰ ਵੀ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਦਰਬਾਰ ਤੱਕ ਇਹ ਗੱਲ ਪਹੁੰਚੀ ਸੀ। ਹੁਣ ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਕਿਸੇ ਵੀ ਸੂਰਤ ‘ਚ ਉਹ ਇਹ ਨਹਿਰਾਂ ਨੂੰ ਪੱਕਾ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਇਸ ਲਈ ਜਲ ਜੀਵਨ ਮੋਰਚੇ ਨੂੰ ਭਾਵੇਂ ਕਿੰਨੀ ਵੀ ਵੱਡੀ ਲੜਾਈ ਕਿਉਂ ਨਾ ਹੋਵੇ ਉਹ ਲੜਨਗੇ।