ਨਵੀਂ ਦਿੱਲੀ : ਦਿੱਲੀ ਕਮੇਟੀ ਦੀਆਂ ਚੋਣਾਂ ਲਈ ਪ੍ਰਮੁੱਖ ਧੜਿਆਂ ਨੇ ਕਮਰ ਕੱਸ ਰੱਖੀ ਹੈ। 22 ਅਗਸਤ ਨੂੰ ਹੋਣ ਵਾਲੀਆਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣਾਂ ਦੇ ਸਾਰੇ 46 ਹਲਕਿਆਂ ‘ਚ ਚੋਣ ਪ੍ਰਚਾਰ ਕਰਨ ਦਾ ਸ਼ੁੱਕਰਵਾਰ ਆਖ਼ਰੀ ਦਿਨ ਹੈ । ਸ਼ੁੱਕਰਵਾਰ ਸ਼ਾਮ 5 ਵਜੇ ਚੋਣ ਪ੍ਰਚਾਰ ਬੰਦ ਹੋ ਜਾਵੇਗਾ।
ਪਿਛਲੇ ਕਈ ਦਿਨਾਂ ਤੋਂ ਚਲ ਰਹੇ ਚੋਣ ਪ੍ਰਚਾਰ ਲਈ ਵੱਖ-ਵੱਖ ਜਥੇਬੰਦੀਆਂ ਦੇ ਮੁਖੀਆ ਵਲੋਂ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ‘ਚ ਪ੍ਰਚਾਰ ਕਰਨ ਲਈ ਕੋਈ ਕਸਰ ਨਹੀਂ ਛੱਡੀ ਗਈ। ਉਮੀਦਵਾਰ ਨਿੱਜੀ ਤੌਰ ‘ਤੇ ਘਰ ਘਰ ਜਾ ਕੇ ਪ੍ਰਚਾਰ ਕਰ ਰਹੇ ਹਨ। ਇਨ੍ਹਾਂ ਚੋਣਾਂ ‘ਚ ਸੋੋਸ਼ਲ ਮੀਡੀਆ ਦੀ ਵੀ ਵਿਸ਼ੇਸ਼ ਭੂਮਿਕਾ ਨਜ਼ਰ ਆ ਰਹੀ ਹੈ।
ਗੁਰਦੁਆਰਾ ਇਲੈੱਕਸ਼ਨ ਡਾਇਰੈਕਟੋਰੇਟ ਮੁਤਾਬਿਕ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ 22 ਅਗਸਤ ਨੂੰ ਹੋਣਗੀਆਂ। ਇਹ ਚੋਣਾਂ ਪਹਿਲਾ 25 ਅਪ੍ਰੈਲ ਨੂੰ ਹੋਣੀਆਂ ਸਨ, ਪ੍ਰੰਤੂ ਕੋਵਿਡ-19 ਕਾਰਨ ਇਨ੍ਹਾਂ ਚੋਣਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
3.42 ਲੱਖ ਤੋਂ ਵੱਧ ਸਿੱਖ ਇਨ੍ਹਾਂ ਚੋਣਾਂ ਵਿਚ ਹਿੱਸਾ ਲੈਣਗੇ। ਚੋਣਾਂ ਲਈ ਦਿੱਲੀ ਦੇ 46 ਗੁਰਦੁਆਰਿਆਂ ਦੇ ਵਿਚ 23 ਰਿਟਰਨਿੰਗ ਅਫ਼ਸਰ ਤਾਇਨਾਤ ਹੋਣਗੇ। ਮਤਦਾਨ ਲਈ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ 546 ਪੋਲਿੰਗ ਸਟੇਸ਼ਨ ਸਥਾਪਿਤ ਹੋਣਗੇ।
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿਚ ਕੁੱਲ 312 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ਵਿਚ 132 ਆਜ਼ਾਦ ਉਮੀਦਵਾਰ ਹਨ। ਵੋਟਾਂ ਦੀ ਗਿਣਤੀ 25 ਅਗਸਤ ਨੂੰ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਾਪਿਤ ਕੀਤੇ ਗਏ ਗਿਣਤੀ ਕੇਂਦਰਾਂ ਵਿੱਚ ਕੀਤੀ ਜਾਵੇਗੀ ਅਤੇ ਉਸੇ ਦਿਨ ਚੋਣ ਨਤੀਜੇ ਐਲਾਨੇ ਜਾਣਗੇ।