ਪਾਏਦਾਰ ਤੇ ਦਿਲਕਸ਼ ਸ਼ਾਇਰੀ ਦਾ ਰਚੇਤਾ – ਕੈਫ਼ੀ ਆਜ਼ਮੀ

TeamGlobalPunjab
5 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

ਪਾਏਦਾਰ ਤੇ ਦਿਲਕਸ਼ ਸ਼ਾਇਰੀ ਦੇ ਰਚੇਤਾ ਕੈਫ਼ੀ ਆਜ਼ਮੀ ਦੀਆਂ ਅਮਰ ਰਚਨਾਵਾਂ ‘ਕਰ ਚਲੇ ਹਮ ਫ਼ਿਦਾ ਜਾਨੋ ਤਨ ਸਾਥੀਓ, ਆਜ ਸੋਚਾ ਤੋ ਆਂਸੂ ਭਰ ਆਏ, ਚਲਤੇ ਚਲਤੇ ਯੂੰ ਹੀ ਕੋਈ ਮਿਲ ਗਿਆ ਥਾ, ਚਲੋ ਦਿਲਦਾਰ ਚਲੋ ਚਾਂਦ ਕੇ ਪਾਰ ਚਲੋ, ਤੁਮ ਜੋ ਮਿਲ ਗਏ ਹੋ ਤੋ ਯੇ ਲਗਤਾ ਹੈ ਕਿ ਜਹਾਂ ਮਿਲ ਗਿਆ, ਯੇ ਦੁਨੀਆ ਯੇ ਮਹਿਫ਼ਲ ਮੇਰੇ ਕਾਮ ਕੀ ਨਹੀਂ, ਤੁਮਹਾਰੀ ਜ਼ੁਲਫ਼ ਕੇ ਸਾਏ ਮੇਂ ਸ਼ਾਮ ਕਰ ਦੂੰਗਾ ਅਤੇ ਬਿਛੜੇ ਸਭੀ ਬਾਰੀ ਬਾਰੀ” ਨੂੰ ਭਲਾ ਕੌਣ ਭੁਲਾ ਸਕਦਾ ਹੈ?

 

ਕੈਫ਼ੀ ਆਜ਼ਮੀ ਨੇ ਜੋ ਵੀ ਲਿਖਿਆ ਅਰਥ ਭਰਪੂਰ ਤੇ ਦਿਲ ਦੀਆਂ ਗਹਿਰਾਈਆਂ ‘ਚ ਉਤਰ ਜਾਣ ਵਾਲਾ ਲਿਖਿਆ। ਉਸ ਜਿਹੇ ਸ਼ਾਇਰਾਂ ਦਾ ਬਾਲੀਵੁੱਡ ਸਦਾ ਹੀ ਕਰਜ਼ਦਾਰ ਰਹੇਗਾ। ਬੇਹੱਦ ਸੂਝਵਾਨ ਕੈਫ਼ੀ ਆਜ਼ਮੀ ਦਾ ਅਸਲ ਨਾਂ ਸਈਅਦ ਅਥਰ ਹੁਸੈਨ ਰਿਜ਼ਵੀ ਸੀ ਤੇ ਉਸਦਾ ਜਨਮ 14 ਜਨਵਰੀ,1919 ਨੂੰ ਉੱਤਰ ਪ੍ਰਦੇਸ਼ ਦੇ ਜ਼ਿਲਾ ਆਜ਼ਮਗੜ੍ਹ ਦੇ ਪਿੰਡ ਮਿਜ਼ਵਾਂ ਵਿਖੇ ਹੋਇਆ ਸੀ।

 

ਬਚਪਨ ਤੋਂ ਹੀ ਸ਼ਾਇਰੀ ਸੁਣਨ ਦੀ ਚੇਟਕ ਰੱਖਣ ਵਾਲੇ ਕੈਫ਼ੀ ਸਾਹਿਬ ਨੇ ਕੇਵਲ ਗਿਆਰ੍ਹਾਂ ਸਾਲ ਦੀ ਉਮਰ ਵਿੱਚ ਇੱਕ ਬਹੁਤ ਹੀ ਉਮਦਾ ਗ਼ਜ਼ਲ ਰਚ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਐਨਾ ਹੀ ਨਹੀਂ ਉਸਨੇ ਆਪਣੀ ਇਹ ਗ਼ਜ਼ਲ ਮੰਚ ‘ਤੇ ਪੇਸ਼ ਕਰਕੇ ਭਰਪੂਰ ਵਾਹੋਵਾਹੀ ਵੀ ਲੁੱਟ ਲਈ ਸੀ। ਕੈਫ਼ੀ ਦੇ ਪਿਤਾ ਨੂੰ ਤਾਂ ਯਕੀਨ ਨਹੀਂ ਸੀ ਕਿ ਉਹ ਇੰਨੀ ਨਿੱਕੀ ਉਮਰ ਵਿੱਚ ਐਨੀ ਪਾਏਦਾਰ ਗ਼ਜ਼ਲ ਰਚ ਸਕਦਾ ਸੀ। ਉਸਦਾ ਇਮਤਿਹਾਨ ਲੈਣ ਲਈ ਉਸਦੇ ਅੱਬਾ ਨੇ ਉਸਨੂੰ ਕਿਸੇ ਗ਼ਜ਼ਲ ਦੀ ਪਹਿਲੀ ਲਾਈਨ ਦਿੱਤੀ ਤੇ ਉਸੇ ਮੀਟਰ ‘ਚ ਪੂਰਾ ਕਰਨ ਲਈ ਕਿਹਾ। ਕੇਵਲ ਗਿਆਰ੍ਹਾਂ ਵਰ੍ਹਿਆਂ ਦਾ ਇਹ ਬੱਚਾ ਰਤਾ ਵੀ ਨਹੀਂ ਘਬਰਾਇਆ ਤੇ ਚੰਦ ਮਿੰਟਾਂ ‘ਚ ਹੀ ਉਸਨੇ ਗ਼ਜ਼ਲ ਪੂਰੀ ਕਰਕੇ ਆਪਣੇ ਅੱਬਾ ਦੇ ਸਪੁਰਦ ਕਰ ਦਿੱਤੀ। ਉਹ ਗ਼ਜ਼ਲ ਇੰਨੀ ਜਾਨਦਾਰ ਸੀ ਕਿ ਬਾਅਦ ਵਿੱਚ ਉਹ ਗ਼ਜ਼ਲ ਨਾਮਵਰ ਗਾਇਕਾ ਬੇਗ਼ਮ ਅਖ਼ਤਰ ਦੀ ਆਵਾਜ ਵਿੱਚ ਰਿਕਾਰਡ ਹੋਈ ਸੀ।

 

ਸੰਨ 1942 ਵਿੱਚ ਮਹਾਤਮਾ ਗਾਂਧੀ ਵੱਲੋਂ ਅੰਗਰੇਜ਼ਾਂ ਨੂੰ ਭਾਰਤ ‘ਚੋਂ ਬਾਹਰ ਕੱਢਣ ਲਈ ਸ਼ੁਰੂ ਕੀਤੇ ‘ਭਾਰਤ ਛੱਡੋ’ ਅੰਦੋਲਨ ਵਿੱਚ ਭਾਗ ਲੈਣ ਪਿੱਛੋਂ ਕੈਫ਼ੀ ਆਜ਼ਮੀ ਦਾ ਝੁਕਾਅ ਖੱਬੇ ਪੱਖੀ ਵਿਚਾਰਧਾਰਾ ਵੱਲ ਹੋ ਗਿਆ ਤੇ ਉਸਨੇ ਇੱਕ ਖਾਂਦੇ-ਪੀਂਦੇ ਜ਼ਿਮੀਂਦਾਰ ਘਰਾਣੇ ਨਾਲ ਸਬੰਧਿਤ ਹੋਣ ਦੇ ਬਾਵਜੂਦ ਭਾਰਤੀ ਕਮਿਊਨਿਸਟ ਪਾਰਟੀ ਦਾ ਸਰਗਰਮ ਮੈਂਬਰ ਬਣ ਕੇ ਸੰਨ 1943 ਵਿੱਚ ਕਾਨਪੁਰ ਦੀਆਂ ਕੱਪੜਾ ਮਿੱਲਾਂ ਦੇ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ। ਇਸੇ ਸਾਲ ਉਸਦਾ ਪਹਿਲਾ ਕਾਵਿ ਸੰਗ੍ਰਹਿ ‘ ਝਨਕਾਰ ‘ ਛਪਿਆ ਸੀ ਜੋ ਕਾਫ਼ੀ ਮਕਬੂਲ ਹੋਇਆ ਸੀ। ਫਿਰ ਕਿਸੇ ਕਾਰਨ ਉਸਨੂੰ ਮੁੰਬਈ ਆਉਣਾ ਪੈ ਗਿਆ ਤੇ ਇਂੱਥੇ ਪੈਸਿਆਂ ਦੀ ਤੰਗੀ ਕਰਕੇ ਉਸਨੇ ਫ਼ਿਲਮਾਂ ਲਈ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਜੋ ਨਾ ਕੇਵਲ ਉਸਦੇ ਲਈ ਸਗੋਂ ਪੂਰੇ ਬਾਲੀਵੁੱਡ ਲਈ ਫ਼ਾਇਦੇਮੰਦ ਸਾਬਿਤ ਹੋਏ।

 

ਕੈਫ਼ੀ ਆਜ਼ਮੀ ਦੇ ਮਸ਼ਹੂਰ ਕਾਵਿ ਸੰਗ੍ਰਿਹ ‘ ਆਖ਼ਿਰ-ਏ-ਸ਼ਬ, ਸਰਮਾਇਆ, ਸਜਦੇ, ਕੈਫ਼ੀਅਤ, ਨਈ ਗੁਲਿਸਤਾਂ ਅਤੇ ਮੇਰੀ ਆਵਾਜ਼ ਸੁਨੋ’ ਆਦਿ ਰਹੇ ਤੇ ਉਸਦੀਆਂ ਰਚੀਆਂ’ ਔਰਤ, ਮਕਾਨ, ਦਾਇਰਾ, ਸਾਂਪ ਅਤੇ ਬਹੂਰੂਪਨੀ’ ਆਦਿ ਰਚਨਾਵਾਂ ਬੇਹੱਦ ਪਸੰਦ ਕੀਤੀਆਂ ਗਈਆਂ। ਸ਼ਾਇਰੀ ਰਚਣ ਤੋਂ ਇਲਾਵਾ ਕੈਫ਼ੀ ਸਾਹਿਬ ਨੇ ਮਸ਼ਹੂਰ ਫ਼ਿਲਮਕਾਰ ਚੇਤਨ ਅਨੰਦ ਦੁਆਰਾ ਨਿਰਦੇਸ਼ਿਤ ਫ਼ਿਲਮ ‘ਹੀਰ ਰਾਂਝਾ’ ਦੀ ਪਟਕਥਾ ਤੇ ਸੰਵਾਦ ਵੀ ਰਚੇ ਸਨ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਦੇ ਸਾਰੇ ਸੰਵਾਦ ਕਾਵਿਕ ਸਨ। ਇਸ ਤੋਂ ਇਲਾਵਾ ਉਸਨੇ ਸ਼ਾਮ ਬੈਨੇਗਲ ਦੀ ਫ਼ਿਲਮ ‘ਮੰਥਨ’ ਅਤੇ ਖ਼ਵਾਜ਼ਾ ਅਹਿਮਦ ਅੱਬਾਸ ਦੀ ਫ਼ਿਲਮ ‘ਗਰਮ ਹਵਾ’ ਲਈ ਪਟਕਥਾ ਰਚ ਕੇ ਭਰਪੂਰ ਪ੍ਰਸ਼ੰਸ਼ਾ ਹਾਸਿਲ ਕੀਤੀ ਸੀ। ਸੰਨ 1995 ਵਿੱਚ ਬਣੀ ਫ਼ਿਲਮ ‘ ਨਸਰੀਨ ‘ ਵਿੱਚ ਉਸਨੇ ਨਸਰੀਨ ਦੇ ਦਾਦਾ ਜੀ ਦੀ ਭੂਮਿਕਾ ਬਾਖ਼ੂਬੀ ਅਦਾ ਕੀਤੀ ਸੀ।

 

ਰੰਗਮੰਚ ਅਦਾਕਾਰਾ ਸ਼ੌਕਤ ਆਜ਼ਮੀ ਦਾ ਪਤੀ, ਫ਼ਿਲਮ ਅਦਾਕਾਰਾ ਸ਼ਬਾਨਾ ਆਜ਼ਮੀ ਤੇ ਬਾਬਾ ਆਜ਼ਮੀ ਦਾ ਪਿਤਾ ਅਤੇ ਅਦਾਕਾਰਾ ਤਨਵੀ ਆਜ਼ਮੀ ਤੇ ਗੀਤਕਾਰ ਜਾਵੇਦ ਅਖ਼ਤਰ ਦਾ ਸਹੁਰਾ ਹੋਣ ਦਾ ਮਾਣ ਰੱਖਣ ਵਾਲੇ ਅਜ਼ੀਮ ਸ਼ਾਇਰ ਕੈਫ਼ੀ ਆਜ਼ਮੀ ਨੂੰ ਉਸਦੀ ਕਾਵਿ ਘਾਲਣਾ ਲਈ ‘ਪਦਮ ਸ੍ਰੀ, ਫ਼ਿਲਮ ਫ਼ੇਅਰ ਪੁਰਸਕਾਰ, ਸਰਬੋਤਮ ਗੀਤਕਾਰ ਦਾ ਕੌਮੀ ਪੁਰਸਕਾਰ ਅਤੇ ਸਾਹਿਤ ਅਕਾਦਮੀ ਪੁਰਸਕਾਰ ਸਮੇਤ ਕਈ ਵੱਡੇ ਇਨਾਮਾਂ ਨਾਲ ਨਿਵਾਜਿਆ ਗਿਆ ਸੀ। 10 ਮਈ, 2002 ਨੂੰ ਇਹ ਮਹਾਨ ਸ਼ਾਇਰ ਇਸ ਫ਼ਾਨੀ ਜਹਾਨ ਤੋਂ ਸਦਾ ਲਈ ਰੁਖ਼ਸਤ ਹੋ ਗਿਆ ਸੀ।

 

Share This Article
Leave a Comment