ਚੰਡੀਗੜ੍ਹ : ਪੰਜਾਬੀ ਗਾਇਕ ਇੰਦਰਜੀਤ ਨਿੱਕੂ ਇਕ ਵਾਰ ਫਿਰ ਚਰਚਾ ‘ਚ ਆ ਗਏ ਹਨ। ਹੁਣ ਇੱਕ ਵਾਰ ਫੇਰ ਉਹ ਬਾਗੇਸ਼ਵਰ ਧਾਮ ਪਹੁੰਚੇ ਹਨ, ਜਿੱਥੇ ਉਹ ਬਾਗੇਸ਼ਵਰ ਬਾਬਾ ਨਾਲ ਸਟੇਜ ਸਾਂਝੀ ਕਰਦੇ ਨਜ਼ਰ ਆਏ ਹਨ। ਇੰਨ੍ਹਾਂ ਦਾ ਇਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਵਿਚ ਬਾਬਾ ਬਾਗੇਸ਼ਵਰ ਇਹ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਸਰਦਾਰ, ਸਨਾਤਨ ਧਰਮ ਦੀ ਸੈਨਾ ਹਨ।
ਜਿਸ ਤੋਂ ਬਾਅਦ ਇੰਦਰਜੀਤ ਨਿੱਕੂ ਬਾਬੇ ਦਾ ਧੰਨਵਾਦ ਕਰਦੇ ਵੀ ਨਜ਼ਰ ਆ ਰਿਹਾ ਹੈ। ਵੀਡੀਓ ਵਿਚ ਬਾਬਾ ਬਾਗੇਸ਼ਵਰ ਕਹਿ ਰਿਹਾ ਹੈ ਕਿ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਕੀਤੀ ਸੀ। ਹੁਣ ਦਸਤਾਰ, ਕਿਰਪਾਨ, ਸਰਦਾਰ ਤੇ ਪਗੜੀ ਇਹ ਸਭ ਸਨਾਤਨ ਧਰਮ ਦੀ ਰੱਖਿਆ ਲਈ ਬਣੇ ਹਨ। ਬਾਗੇਸ਼ਵਰ ਬਾਬੇ ਦੇ ਇਸ ਬਿਆਨ ਤੋਂ ਬਾਅਦ ਇੰਦਰਜੀਤ ਨਿੱਕੂ ਇਕ ਵਾਰ ਫਿਰ ਚਰਚਾ ਵਿਚ ਆ ਗਏ ਹਨ।
ਇੰਦਰਜੀਤ ਨਿੱਕੂ ਨੇ ਆਪਣੇ ਇੰਸਟਾਗ੍ਰਾਮ ’ਤੇ ਲਿਖਿਆ ਕਿ ਉਹ ਅਪਣੇ ਸਿੱਖ ਧਰਮ ਦਾ ਹਮੇਸ਼ਾ ਸਤਿਕਾਰ ਕਰਦਾ ਹੈ ਤੇ ਕਰਦਾ ਰਹੇਗਾ। ਉਸਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਸਭ ਤੋਂ ਉੱਪਰ ਹਨ। ਹਾਲਾਂਕਿ ਬਾਬਾ ਅੱਗੇ ਬੋਲਦਿਆਂ ਨਿੱਕੂ ਨੇ ਕਿਹਾ ਕਿ ਮੇਰਾ ਜੋ ਵਿਰੋਧ ਕਰਦੇ ਹਨ ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਬਾਗੇਸ਼ਵਰ ਧਾਮ ’ਚ ਸਾਰੇ ਧਰਮਾਂ ਨੂੰ ਸਤਿਕਾਰ ਕੀਤਾ ਜਾਂਦਾ ਹੈ। ਇਸ ਮੌਕੇ ਵਿਰੋਧੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਲਈ ਸਾਰੇ ਧਰਮ ਬਰਾਬਰ ਹਨ। ਇਸ ਤੋਂ ਬਾਅਦ ਬਾਬਾ ਵਲੋਂ ਫਤਿਹ ਦੇ ਜੈਕਾਰੇ ਛੱਡੇ ਜਾਂਦੇ ਹਨ ਤੇ ਸੰਗਤ ਵੀ ਉਨ੍ਹਾਂ ਪਿੱਛੇ ਜਵਾਬ ਦਿੰਦੀ ਹੈ।