ਨਵੀ ਦਿੱਲੀ, 28 ਮਾਰਚ: ਥਾਈਲੈਂਡ ਵਿੱਚ ਅੱਜ ਜ਼ਬਰਦਸਤ ਭੂਚਾਲ ਆਇਆ। ਇਸ ਭੂਚਾਲ ‘ਚ 3 ਲੋਕਾਂ ਦੇ ਮਾਰੇ ਜਾਣ ਅਤੇ 90 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ। ਭੂਚਾਲ ਇੰਨਾ ਜ਼ਬਰਦਸਤ ਸੀ ਕਿ ਉਸਾਰੀ ਅਧੀਨ ਇਕ ਇਮਾਰਤ ਢਹਿ ਢੇਰੀ ਹੋ ਗਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਬੈਂਕਾਕ ਸਥਿਤ ਭਾਰਤੀ ਦੂਤਾਵਾਸ ਨੇ ਥਾਈਲੈਂਡ ਵਿੱਚ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਲਈ ਹੈਲਪਲਾਈਨ ਅਤੇ ਐਮਰਜੈਂਸੀ ਸੰਪਰਕ ਨੰਬਰ ਜਾਰੀ ਕੀਤੇ ਹਨ। ਥਾਈਲੈਂਡ ਵਿੱਚ ਭਾਰਤੀ ਨਾਗਰਿਕ ਕਿਸੇ ਵੀ ਮਦਦ ਲਈ ਐਮਰਜੈਂਸੀ ਨੰਬਰ +66 618819218 ‘ਤੇ ਸੰਪਰਕ ਕਰ ਸਕਦੇ ਹਨ।
ਭਾਰਤੀ ਦੂਤਾਵਾਸ ਨੇ ਆਪਣੇ ਅਧਿਕਾਰਤ ਐਕਸ ਅਕਾਉਂਟ ‘ਤੇ ਲਿਖਿਆ ਕਿ ਬੈਂਕਾਕ ਅਤੇ ਥਾਈਲੈਂਡ ਦੇ ਹੋਰ ਹਿੱਸਿਆਂ ਵਿੱਚ ਆਏ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਦੂਤਾਵਾਸ ਥਾਈ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸਥਿਤੀ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ। ਹੁਣ ਤੱਕ ਕਿਸੇ ਵੀ ਭਾਰਤੀ ਨਾਗਰਿਕ ਨਾਲ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਰਿਪੋਰਟ ਨਹੀਂ ਹੈ। ਦੱਸ ਦਈਏ ਕਿ ਥਾਈਲੈਂਡ ਦੇ ਰੱਖਿਆ ਮੰਤਰਾਲੇ ਨੇ 90 ਲੋਕਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਹੈ। ਸਰਕਾਰ ਨੇ ਕਿਹਾ ਕਿ ਬਹੁ-ਮੰਜ਼ਿਲਾ ਇਮਾਰਤ ਦੇ ਡਿੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 90 ਲੋਕ ਲਾਪਤਾ ਹਨ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਮਿਆਂਮਾਰ ਅਤੇ ਥਾਈਲੈਂਡ ‘ਚ 7.7 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਥਾਈਲੈਂਡ ਦੀ ਰਾਜਧਾਨੀ ਬੈਂਕਾਕ ‘ਚ ਕਈ ਉੱਚੀਆਂ ਇਮਾਰਤਾਂ ਢਹਿ ਗਈਆਂ ਸਨ ਅਤੇ ਲੱਖਾਂ ਲੋਕ ਆਪਣੇ ਘਰਾਂ ਅਤੇ ਦਫਤਰਾਂ ‘ਚੋਂ ਬਾਹਰ ਭੱਜਣ ਲਈ ਮਜਬੂਰ ਹੋ ਗਏ ਸਨ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਅਤੇ ਜਰਮਨੀ ਦੇ ਭੂ-ਵਿਗਿਆਨ GFZ ਦੇ ਅਨੁਸਾਰ, ਭੂਚਾਲ 10 ਕਿਲੋਮੀਟਰ (6.2 ਮੀਲ) ਦੀ ਡੂੰਘਾਈ ‘ਤੇ ਸੀ, ਜਿਸਦਾ ਕੇਂਦਰ ਮਾਂਡਲੇ, ਮਿਆਂਮਾਰ ਦੇ ਨੇੜੇ ਸੀ। ਥਾਈਲੈਂਡ ਵਿੱਚ ਪ੍ਰਧਾਨ ਮੰਤਰੀ ਨੇ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ। ਭਾਰਤ ਨੇ ਵੀ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ ਹੈ।
ਮਿਆਂਮਾਰ ਦੀ ਸਰਹੱਦ ਨਾਲ ਲੱਗਦੇ ਦੱਖਣੀ-ਪੱਛਮੀ ਚੀਨ ਦੇ ਯੂਨਾਨ ਸੂਬੇ ‘ਚ ਵੀ ਸ਼ੁੱਕਰਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਰਕਾਰੀ ਸਮਾਚਾਰ ਏਜੰਸੀ ਨੇ ਕਿਹਾ ਕਿ ਯੂਨਾਨ ਵਿੱਚ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਭੂਚਾਲ ਦੇ ਝਟਕੇ ਸਥਾਨਕ ਸਮੇਂ ਅਨੁਸਾਰ ਦੁਪਹਿਰ 2:20 ਵਜੇ ਮਹਿਸੂਸ ਕੀਤੇ ਗਏ