ਨਵੀਂ ਦਿੱਲੀ: ਕਿਸਾਨ ਟਰੈਕਟਰ ਪਰੇਡ ‘ਚ ਹੋਈ ਹਿੰਸਾ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਬੀਤੀ ਰਾਤ ਪਹਿਲਾਂ ਬਾਗਪਤ ‘ਚ ਕਿਸਾਨਾਂ ਦੇ ਧਰਨੇ ਨੂੰ ਖਦੇੜ ਦਿੱਤਾ ਗਿਆ। ਹੁਣ ਯੋਗੀ ਸਰਕਾਰ ਅੱਜ ਰਾਤ ਤੱਕ ਧਰਨਾ ਖ਼ਤਮ ਕਰਵਾਉਣ ਦੀ ਤਿਆਰੀ ਵਿੱਚ ਹੈ। ਜਿਸ ਤਹਿਤ ਉੱਤਰ ਪ੍ਰਦੇਸ਼ ਸਰਕਾਰ ਨੇ ਸਾਰੇ ਡੀ.ਐਮ ਨੂੰ ਧਰਨਾ ਸਮਾਪਤ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਪੱਛਮੀ ਉੱਤਰ ਪ੍ਰਦੇਸ਼ ਦੇ ਬਾਗਪਤ ‘ਚ ਇਕ ਨੈਸ਼ਨਲ ਹਾਈਵੇ ‘ਤੇ ਚੱਲ ਰਹੇ ਅੰਦੋਲਨ ਨੂੰ ਬੁੱਧਵਾਰ ਰਾਤ ਪੁਲਿਸ ਵੱਲੋਂ ਹਟਵਾ ਦਿੱਤਾ ਗਿਆ। ਉੱਤਰ ਪ੍ਰਦੇਸ਼ ਪੁਲਿਸ ਨੇ ਇਨ੍ਹਾਂ ਕਿਸਾਨਾਂ ਨੂੰ ਇੱਥੋਂ ਜਬਰੀ ਖਦੇੜ ਦਿੱਤਾ ਸੀ। ਕਿਸਾਨਾਂ ਨੂੰ ਹਟਾਏ ਜਾਣ ਨੂੰ ਲੈ ਕੇ ਪੁਲਿਸ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਇਕ ਨੋਟਿਸ ਦਾ ਹਵਾਲਾ ਦਿੱਤਾ ਸੀ।
ਦੂਜੇ ਦੇ ਗਾਜ਼ੀਪੁਰ ਬਾਰਡਰ ‘ਤੇ ਵੀ ਹਲਚਲ ਵੱਧ ਗਈ ਹੈ। ਗਾਜ਼ੀਪੁਰ ਸਰਹੱਦ ‘ਤੋਂ ਪੁਲਿਸ ਨੇ ਕਿਸਾਨਾਂ ਵੱਲੋਂ ਲਗਾਏ ਟੈਂਟ ਹਟਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਗਾਜ਼ੀਪੁਰ ਸਰਹੱਦ ਦੇ ਨਾਲ ਨਾਲ ਸਿੰਘੂ ਬਾਰਡਰ ‘ਤੇ ਵੀ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਸਿੰਘੂ ਬਾਰਡਰ ‘ਤੇ 40 ਪਿੰਡਾਂ ਦੇ ਪ੍ਰਧਾਨ ਆਪਣੇ ਸਮਰਥਕਾਂ ਨਾਲ ਪਹੁੰਚੇ ਅਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਸਰਹੱਦ ਖਾਲੀ ਕਰਨ ਲਈ ਕਿਹਾ। ਇਹਨਾਂ ਪਿੰਡਾਂ ਦੇ ਪ੍ਰਧਾਨਾਂ ਨੇ ਕਿਸਾਨਾਂ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਹੈ ਤੇ ਕਿਹਾ ਕਿ ਜੇਕਰ ਅੰਦੋਲਨ ਵਾਲੀ ਥਾਂ ਖਾਲੀ ਨਾ ਕੀਤੀ ਤਾਂ ਅਸੀਂ ਵੱਡੀ ਗਿਣਤੀ ‘ਚ ਸ਼ੁੱਕਰਵਾਰ ਨੂੰ ਵੀ ਆਵਾਂਗੇ। ਪਿੰਡ ਵਾਲਿਆਂ ਨੇ ਕਿਹਾ ਕਿ ਅਸੀਂ ਤਿਰੰਗੇ ਝੰਡੇ ਦਾ ਅਪਮਾਨ ਨਹੀਂ ਸਹਿ ਸਕਦੇ।