ਵਰਲਡ ਡੈਸਕ: ਸੰਯੁਕਤ ਰਾਸ਼ਟਰ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ ਹੈ ਕਿ ਇਹ ਬਹੁਤ ਜ਼ਰੂਰੀ ਹੈ ਕਿ ਭਾਰਤ ਤੇ ਪਾਕਿਸਤਾਨ ਇੱਕਜੁਟਤਾ ਨਾਲ ਅੱਗੇ ਵਧਣ ਤੇ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਗੰਭੀਰਤਾ ਨਾਲ ਗੱਲ ਕਰਨ। ਐਂਟੋਨੀਓ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਕਿਸੇ ਵੀ ਤਰ੍ਹਾਂ ਦਾ ਫ਼ੌਜੀ ਟਕਰਾਅ ਇਨ੍ਹਾਂ ਲਈ ਹੀ ਨਹੀਂ, ਸਗੋਂ ਪੂਰੀ ਦੁਨੀਆ ਲਈ ਖ਼ਤਰਨਾਕ ਹੋਵੇਗਾ। ਸੰਯੁਕਤ ਰਾਸ਼ਟਰ ਮੁਖੀ ਨੇ ਕਿਹਾ ਕਿ ਕੰਟਰੋਲ ਰੇਖਾ ’ਤੇ ਤਣਾਅ ਘਟਣਾ ਬਹੁਤ ਜ਼ਰੂਰੀ ਹੈ। ਐਂਟੋਨੀਓ ਕਸ਼ਮੀਰ ’ਚ ਬਣੇ ਹਾਲਾਤ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਪੈਦਾ ਹੋਏ ਤਣਾਅ ਸੰਬੰਧੀ ਪਾਕਿਸਤਾਨ ਦੇ ਪੱਤਰਕਾਰ ਵੱਲੋਂ ਪੁੱਛੇ ਗਏ ਸੁਆਲ ਦਾ ਜੁਆਬ ਦੇ ਰਹੇ ਸਨ।
ਐਂਟੋਨੀਓ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਨੂੰ ਦੁਵੱਲੇ ਮਸਲਿਆਂ ’ਤੇ ਆਪਸੀ ਗੱਲਬਾਤ ਕਰਨੀ ਚਾਹੀਦੀ ਹੈ। ਸਾਰੇ ਖੇਤਰਾਂ ’ਚ ਮਨੁੱਖੀ ਅਧਿਕਾਰਾਂ ਦਾ ਪੂਰਾ ਸਤਿਕਾਰ ਹੋਣਾ ਚਾਹੀਦਾ ਹੈ। ਐਂਟੋਨੀਓ ਨੇ ਕਿਹਾ ਕਿ ਹੁਣ ਚੀਜ਼ਾਂ ਸਹੀ ਦਿਸ਼ਾ ਵੱਲ ਵਧ ਰਹੀਆਂ ਹਨ। ਸਾਡੇ ਦਫ਼ਤਰ ਸਦਾ ਉਪਲਬਧ ਹਨ ਤੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਅਜਿਹੀਆਂ ਸਮੱਸਿਆਵਾਂ ਜਿਨ੍ਹਾਂ ਦਾ ਕੋਈ ਫ਼ੌਜੀ ਹੱਲ ਨਹੀਂ ਹੈ, ਉਨ੍ਹਾਂ ਦੇ ਸ਼ਾਂਤੀਪੂਰਨ ਹੱਲ ਇਨ੍ਹਾਂ ਦੇ ਮਾਧਿਅਮ ਰਾਹੀਂ ਕੱਢੇ ਜਾਣ।