ਕਾਬੁਲ : ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਪਹਿਲੀ ਵਾਰ ਪ੍ਰੈਸ ਕਾਨਫਰੰਸ ਕੀਤੀ ਤੇ ਉਸ ਨੇ ਔਰਤਾਂ ਤੋਂ ਲੈ ਕੇ ਅੰਤਰਰਾਸ਼ਟਰੀ ਭਾਈਚਾਰੇ ਦੀਆਂ ਪਰੇਸ਼ਾਨੀਆਂ ‘ਤੇ ਆਪਣਾ ਪੱਖ ਰੱਖਿਆ। ਤਾਲਿਬਾਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਔਰਤਾਂ ਨੂੰ ਇਸਲਾਮੀ ਕਾਨੂੰਨ ਦੇ ਆਧਾਰ ‘ਤੇ ਉਨ੍ਹਾਂ ਦੇ ਅਧਿਕਾਰ ਦੇਣ ਲਈ ਵਚਨਬੱਧ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਔਰਤਾਂ ਸਿਹਤ ਖੇਤਰ ਅਤੇ ਹੋਰ ਖੇਤਰਾਂ ਵਿੱਚ ਕੰਮ ਕਰ ਸਕਦੀਆਂ ਹਨ , ਜਿੱਥੇ ਉਨ੍ਹਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ।
ਇਹ ਐਲਾਨ ਵਿਸ਼ਵ ਦੇ ਆਗੂਆਂ ਅਤੇ ਡਰੇ ਹੋਏ ਲੋਕਾਂ ਨੂੰ ਇਹ ਵਿਖਾਉਣ ਦੀ ਕੋਸ਼ਿਸ਼ ਹੈ ਕਿ ਤਾਲਿਬਾਨ ਹੁਣ ਬਦਲ ਗਿਆ ਹੈ। ਕੁੱਝ ਹੀ ਦਿਨਾਂ ਵਿੱਚ ਪੂਰੇ ਅਫਗਾਨਿਸਤਾਨ ‘ਤੇ ਕਬਜ਼ਾ ਕਰ ਲੈਣ ਵਾਲੇ ਤਾਲਿਬਾਨ ਦੇ ਬੁਲਾਰੇ ਮੁਜਾਹਿਦ ਜ਼ਬੀਉੱਲਾ ਨੇ ਕਿਹਾ ਕਿ ਸੰਗਠਨ ਦੇ ਲੜਾਕੇ ਕਿਸੇ ਨਾਲ ਬਦਲਾ ਨਹੀਂ ਲੈਣਾ ਚਾਹੁੰਦੇ ਅਤੇ ਸਭ ਨੂੰ ਮੁਆਫੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ‘ਸਾਨੂੰ ਕਿਸੇ ਨਾਲ ਨਫ਼ਰਤ ਨਹੀਂ ਹੋਵੇਗੀ ਤੇ ਅਸੀਂ ਬਾਹਰੀ ਜਾਂ ਅੰਦਰੂਨੀ ਦੁਸ਼ਮਣ ਨਹੀਂ ਚਾਹੁੰਦੇ।’
ਮੁਜਾਹਿਦ ਨੇ ਕਿਹਾ ਕਿ ਵਿਦੇਸ਼ੀ ਦੂਤਾਵਾਸਾਂ ਦੀ ਸੁਰੱਖਿਆ ਤਾਲਿਬਾਨ ਲਈ ਮਹੱਤਵਪੂਰਨ ਹੈ ਅਤੇ ਉਨ੍ਹਾਂ ਨੇ ਵਾਅਦਾ ਕੀਤਾ ਕਿ ਦੂਤਾਵਾਸ ਪੂਰੀ ਤਰ੍ਹਾਂ ਸੁਰੱਖਿਅਤ ਹੋਣਗੇ। ਉਨ੍ਹਾਂ ਕਿਹਾ, ਇਸਲਾਮਿਕ ਅਮੀਰਾਤ ਦੁਨੀਆ ਦੇ ਸਾਰੇ ਦੇਸ਼ਾਂ ਨਾਲ ਵਾਅਦਾ ਕਰ ਰਿਹਾ ਹੈ ਕਿ ਅਫਗਾਨਿਸਤਾਨ ਤੋਂ ਕਿਸੇ ਵੀ ਦੇਸ਼ ਨੂੰ ਕੋਈ ਖਤਰਾ ਨਹੀਂ ਹੋਵੇਗਾ।
ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਰਹਿਣ ਵਾਲੇ ਲੋਕਾਂ ਨੂੰ ਭਰੋਸਾ ਦਿੱਤਾ, ਕੋਈ ਵੀ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਏਗਾ। ਕੋਈ ਵੀ ਤੁਹਾਡੇ ਦਰਵਾਜ਼ੇ ਤੇ ਦਸਤਕ ਨਹੀਂ ਦੇਵੇਗਾ। ਅਫਗਾਨਿਸਤਾਨ ਵਿੱਚ ਕੋਈ ਵੀ ਕਿਸੇ ਨੂੰ ਅਗਵਾ ਨਹੀਂ ਕਰ ਸਕਦਾ। ਕੋਈ ਵੀ ਕਿਸੇ ਦੀ ਜਾਨ ਨਹੀਂ ਲੈ ਸਕਦਾ। ਸੁਰੱਖਿਆ ਨੂੰ ਲਗਾਤਾਰ ਵਧਾਇਆ ਜਾਵੇਗਾ। ਇਸ ਤੋਂ ਬਾਅਦ ਲੋਕ ਸ਼ਾਂਤੀ ਨਾਲ ਰਹਿ ਸਕਣਗੇ।
ਇਸ ਤੋਂ ਇਲਾਵਾ ਤਾਲਿਬਾਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਾਰੇ ਮੀਡੀਆ ਅਦਾਰੇ ਆਪਣੀਆਂ ਗਤੀਵਿਧੀਆਂ ਜਾਰੀ ਰੱਖਣ। ਕੋਈ ਵੀ ਪ੍ਰਸਾਰਣ ਇਸਲਾਮੀ ਕਦਰਾਂ ਕੀਮਤਾਂ ਦੇ ਉਲਟ ਨਹੀਂ ਹੋਣਾ ਚਾਹੀਦਾ, ਉਹ ਨਿਰਪੱਖ ਹੋਣਾ ਚਾਹੀਦਾ ਹੈ।