ਸਵਰਾਜ ਕੰਪਨੀ ਨੂੰ ਲੱਗਿਆ 100 ਕਰੋੜ ਦਾ ਚੂਨਾ! ਕੰਪਨੀ ਦਾ ਫਾਇਦਾ ਕਰਨ ਵਾਲੇ ਦਾ ਵੀ ਹੋਇਆ ਭਵਿੱਖ ਤਬਾਹ

TeamGlobalPunjab
3 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ): ਸਵਰਾਜ ਕੰਪਨੀ ਦੀ ਮੈਨੇਜਮੈਂਟ ਕੰਪਨੀ ਪ੍ਰਤੀ ਖ਼ੁਦ ਹੀ ਗੰਭੀਰ ਨਹੀਂ ਜਿਸ ਕਾਰਨ ਕੰਪਨੀ ਨੂੰ 100 ਕਰੋੜ ਤੋਂ ਵਧੇਰੇ ਦਾ ਚੂਨਾ ਲੱਗ ਗਿਆ ਹੈ।

ਇਸ ਦਾ ਖ਼ੁਲਾਸਾ ਕਰਦਿਆਂ ਕੰਪਨੀ ਦੇ ਰੋਪੜ ਯੂਨਿਟ ਦੇ ਸਾਬਕਾ ਪ੍ਰਚੇਜ਼ ਮੈਨੇਜਰ ਅਤੇ ਸ਼ੇਅਰ ਹੋਲਡਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਕੰਪਨੀ ਦੇ ਕੁੱਝ ਅਧਿਕਾਰੀ ਪਿਛਲੇ ਲੰਮੇ ਸਮੇਂ ਤੋਂ ਗਬਨ ਕਰਦੇ ਆ ਰਹੇ ਸਨ। ਜਿਹੜਾ ਕੱਚਾ ਸਾਮਾਨ ਪੰਜਾਬ ਵਿੱਚੋਂ ਆਸਾਨੀ ਨਾਲ ਮਿਲ ਸਕਦਾ ਸੀ ਉਹ ਸੈਂਕੜੇ ਕਿਲੋਮੀਟਰ ਦੂਰ ਤੋਂ ਮੰਗਾਇਆ ਗਿਆ ਜਿਸਦਾ ਕਿਰਾਇਆ ਹੀ ਕਰੋੜਾਂ ਦਾ ਬਣਦਾ ਸੀ ਜੋ ਕੰਪਨੀ ਉੱਤੇ ਵਧੇਰੇ ਵਿੱਤੀ ਬੋਝ ਸੀ।

ਉਨ੍ਹਾਂ ਦੱਸਿਆ ਕਿ ਕੰਪਨੀ ਦੀ ਨੀਤੀ ‘ਬਿਸਲ ਬਲੋ’ ਤਹਿਤ ਹੀ ਉਸ ਨੇ ਕੰਪਨੀ ਦੀਆਂ ਬੇਨਿਯਮੀਆਂ ਬਾਰੇ ਮੈਨੇਜਮੈਂਟ ਨੂੰ ਜਾਣਕਾਰੀ ਦਿੱਤੀ ਸੀ। ਬਿਸਲ ਬਲੋ ਪਾਲਿਸੀ ਤਹਿਤ ਸ਼ਿਕਾਇਤ ਕਰਨ ਵਾਲੇ ਦਾ ਨਾਮ ਗੁਪਤ ਰੱਖਣਾ ਹੁੰਦਾ ਹੈ ਅਤੇ ਜੇ ਕੋਈ ਦੋਸ਼ੀ ਪਾਇਆ ਜਾਵੇ ਉਸ ਖਿਲਾਫ ਕਾਰਵਾਈ ਕਰਨੀ ਹੁੰਦੀ ਹੈ।ਕੰਪਨੀ ਨੇ ਨੀਤੀ ਦੇ ਉਲਟ ਜਾ ਕੇ ਸ਼ਿਕਾਇਤ ਕਰਤਾ ਨੂੰ ਹੀ ਨੌਕਰੀ ਵਿੱਚੋਂ ਕੱਢ ਦਿੱਤਾ ਅਤੇ ਉਸ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਸਕੈਂਡਲ ਕਰਨ ਵਾਲੇ ਅੱਧਾ ਦਰਜਨ ਅਧਿਕਾਰੀਆਂ ਨੂੰ ਵੀ ਬਾਹਰ ਦਾ ਰਸਤਾ ਵਿਖਾ ਦਿੱਤਾ। ਪਿਛਲੇ ਪੰਜ ਸਾਲ ਤੋਂ ਕੰਪਨੀ ਵਿੱਤੀ ਫਾਇਦੇ ਵਿੱਚ ਚੱਲ ਰਹੀ ਸੀ ਪਰ ਹੁਣ ਪਿਛਲੇ ਦੋ ਸਾਲ ਤੋਂ ਕੰਪਨੀ ਕਰੋੜਾਂ ਦੇ ਘੱਟੇ ਵਿੱਚ ਜਾ ਰਹੀ ਹੈ।

ਹਰਜਿੰਦਰ ਸਿੰਘ ਨੇ ਦੱਸਿਆ ਕਿ ਕੰਪਨੀ ਅਧਿਕਾਰੀ ਉਸ ਨੂੰ ਨੌਕਰੀ ‘ਤੇ ਬਹਾਲ ਕਰਨ ਦੀ ਬਜਾਏ ਟਾਲ ਮਟੋਲ ਦੀ ਨੀਤੀ ‘ਤੇ ਚੱਲ ਰਹੇ ਹਨ ਜਿਸ ਕਾਰਨ ਉਸ ਨੇ ਚੰਡੀਗੜ੍ਹ ਦੀ ਅਦਾਲਤ ਵਿਚ ਕੇਸ ਵੀ ਕੀਤਾ ਹੋਇਆ ਹੈ ਅਤੇ ਬਤੌਰ ਸ਼ੇਅਰ ਹੋਲਡਰ ਕੰਪਨੀ ਦੇ ਗੈਰ ਜਿੰਮੇਵਾਰਾਨਾ ਕਾਰਵਾਈ ਦੀ ਸ਼ਿਕਾਇਤ ਕੇਂਦਰ ਸਰਕਾਰ ਦੇ ਸਬੰਧਤ ਮਹਿਕਮੇ ( ਸਿਸਟਰ ਆਫ ਕੰਪਨੀਜ਼,ਚੰਡੀਗੜ੍ਹ) ਨੂੰ ਕੀਤੀ ਹੋਈ ਹੈ।

ਹਰਜਿੰਦਰ ਸਿੰਘ ਨੇ ਕਿਹਾ ਕਿ ਕੰਪਨੀ ਵਿੱਚ ਮੈਨੇਜਮੈਂਟ ਦੇ ਵਧੇਰੇ ਅਧਿਕਾਰੀ ਸੇਵਾਮੁਕਤੀ ਤੋਂ ਬਾਅਦ ਰੱਖੇ ਹੋਏ ਹਨ ਜੋ ਕੰਪਨੀ ਦੇ ਘਾਟੇ ਲਈ ਜ਼ਿੰਮੇਵਾਰ ਹਨ ਕਿਉਂਕਿ ਉਹ ਬੇ – ਨਿਯਮੀਆਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਹੀਂ ਕਰਨਾ ਚਾਹੁੰਦੇ। ਹਰਜਿੰਦਰ ਸਿੰਘ ਨੇ ਕਿਹਾ ਕਿ ਕੰਪਨੀ ਵੱਲੋਂ ਜੋ ਕੱਚਾ ਮਾਲ ਬਾਹਰੋਂ ਮੰਗਵਾਇਆ ਜਾਂਦਾ ਹੈ ਉਸ ਵਿੱਚ ਵੱਡਾ ਗਬਨ ਕੀਤਾ ਹੈ ਅਤੇ ਟੈਂਡਰ ਸਬੰਧੀ ਨੀਤੀ ਦਾ ਵੀ ਉਲੰਘਣ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਸ ਵੱਲੋਂ ਕੀਤੀਆਂ ਸ਼ਿਕਾਇਤਾਂ ਬਾਰੇ ਕੰਪਨੀ ਅਧਿਕਾਰੀ ਕਹਿ ਰਹੇ ਹਨ ਕਿ ਉਨ੍ਹਾਂ ਜਾਂਚ ਕਰਵਾ ਲਈ ਹੈ ਪਰ ਕੰਪਨੀ ਦੇ ਅਧਿਕਾਰੀ ਜਾਂਚ ਦੀਆਂ ਕਾਪੀਆਂ ਕਿਉਂ ਨਹੀਂ ਦੇ ਰਹੇ? ਉਨ੍ਹਾਂ ਸਪੱਸ਼ਟ ਕਿਹਾ ਕਿ ਕੰਪਨੀ ਘਪਲਿਆਂ ਉੱਤੇ ਪਰਦਾ ਪਾਕੇ ਦੋਸ਼ੀਆਂ ਨੂੰ ਬਚਾ ਰਹੀ ਹੈ ਜਦਕਿ ਦੋਸ਼ੀਆਂ ਖ਼ਿਲਾਫ਼ ਗਬਨ ਦਾ ਪਰਚਾ ਦਰਜ ਕਰਵਾਉਣਾ ਬਣਦਾ ਸੀ।

ਇਸ ਮਾਮਲੇ ਨੂੰ ਲੈ ਕੇ ਕੰਪਨੀ ਦੇ ਡਾਇਰੈਕਟਰ (ਫਾਇਨਾਂਸ) ਅਤੇ ਸਕੱਤਰ ਦਾ ਪੱਖ ਲੈਣਾ ਚਾਹਿਆ ਤਾਂ ਪਰ ਉਨ੍ਹਾਂ ਪੱਖ ਦੇਣ ਤੋਂ ਇਨਕਾਰ ਕਰ ਦਿੱਤਾ।

Share This Article
Leave a Comment