ਨੀਰਜ ਚੋਪੜਾ ਨੂੰ ਮਿਲਿਆ XUV 700 ਦਾ ਗੋਲਡ ਐਡੀਸ਼ਨ, ਨੀਰਜ ਚੋਪੜਾ ਨੇ ਆਨੰਦ ਮਹਿੰਦਰਾ ਦਾ ਕੀਤਾ ਸ਼ੁਕਰੀਆ

TeamGlobalPunjab
2 Min Read

ਨਵੀਂ ਦਿੱਲੀ : ਭਾਰਤੀ ਓਲੰਪਿਕ ਖਿਡਾਰੀਆਂ ਨਾਲ ਕੀਤਾ ਆਪਣਾ ਵਾਅਦਾ ਆਨੰਦ ਮਹਿੰਦਰਾ ਹੁਣ ਪੂਰਾ ਕਰ ਰਹੇ ਹਨ। ਮਹਿੰਦਰਾ ਵੱਲੋਂ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੂੰ ਤੋਹਫ਼ੇ ਵਜੋਂ XUV 700 ਭਿਜਵਾਈ ਗਈ ਹੈ।

ਦੇਸ਼ ਦੇ ਪ੍ਰਮੁੱਖ ਵਾਹਨ ਨਿਰਮਾਤਾਵਾਂ ‘ਚੋਂ ਇਕ ਮਹਿੰਦਰਾ ਐਂਡ ਮਹਿੰਦਰਾ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਟੋਕੀਓ ਓਲੰਪਿਕ 2020 ‘ਚ ਭਾਰਤ ਨੂੰ ਸੋਨ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਆਪਣੀ ਨਵੀਂ XUV700 ਦਾ ਵਿਸ਼ੇਸ਼ ਐਡੀਸ਼ਨ ਤੋਹਫ਼ੇ ‘ਚ ਦੇਣ ਦਾ ਐਲਾਨ ਕੀਤਾ ਸੀ। ਆਨੰਦ ਮਹਿੰਦਰਾ ਨੇ ਕਿਹਾ ਸੀ ਕਿ ਉਹ XUV700 ਦਾ ਵਿਸ਼ੇਸ਼ ਐਡੀਸ਼ਨ ਉਨ੍ਹਾਂ ਖਿਡਾਰੀਆਂ ਨੂੰ ਤੋਹਫੇ ਵਜੋਂ ਦੇਣਗੇ, ਜਿਨ੍ਹਾਂ ਨੇ ਟੋਕੀਓ ਓਲੰਪਿਕ ‘ਚ ਭਾਰਤ ਦਾ ਮਾਣ ਵਧਾਇਆ ਹੈ।

ਵਾਅਦੇ ਮੁਤਾਬਕ ਕੰਪਨੀ ਨੇ ਹੁਣ ਓਲੰਪਿਕ ਸੋਨ ਤਮਗਾ ਜੇਤੂਆਂ ਨੂੰ ਆਪਣੀ ਪ੍ਰੀਮੀਅਮ SUV ਦਾ ਵਿਸ਼ੇਸ਼ ਐਡੀਸ਼ਨ ਦੇਣਾ ਸ਼ੁਰੂ ਕਰ ਦਿੱਤਾ ਹੈ। ਦੱਸ ਦੇਈਏ ਕਿ ਮਹਿੰਦਰਾ XUV700 ਦਾ ਸਪੈਸ਼ਲ ਐਡੀਸ਼ਨ, ਜਿਸ ਨੂੰ ਜੈਵਲਿਨ ਗੋਲਡ ਐਡੀਸ਼ਨ ਕਿਹਾ ਜਾ ਰਿਹਾ ਹੈ, ਸਭ ਤੋਂ ਪਹਿਲਾਂ ਪੈਰਾਲੰਪਿਕ ਗੋਲਡ ਮੈਡਲਿਸਟ ਸੁਮਿਤ ਅੰਤਿਲ ਨੂੰ ਦਿੱਤਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੂੰ ਵੀ ਤੋਹਫੇ ਵਜੋਂ ਇਹ SUV ਦਿੱਤੀ ਗਈ ਹੈ।

   ਨੀਰਜ ਚੋਪੜਾ ਨੇ ਆਪਣੀ ਚਮਕਦਾਰ ਨਵੀਂ SUV ਦੇ ਨਾਲ ਸੋਸ਼ਲ ਮੀਡੀਆ ‘ਤੇ ਇਕ ਫੋਟੋ ਸ਼ੇਅਰ ਕਰਦੇ ਹੋਏ ਆਨੰਦ ਮਹਿੰਦਰਾ ਦਾ ਧੰਨਵਾਦ ਕੀਤਾ, ਨੀਰਜ ਨੇ ਲਿਖਿਆ, “ਨਵੀਂ ਕਾਰ ਤੋਹਫੇ ਲਈ ਆਨੰਦ ਮਹਿੰਦਰਾ ਜੀ ਦਾ ਧੰਨਵਾਦ! ਮੈਂ ਬਹੁਤ ਜਲਦੀ ਕਾਰ ਨੂੰ ਬਾਹਰ ਕੱਢਣ ਲਈ ਉਤਸ਼ਾਹਿਤ ਹਾਂ।”

ਮਹਿੰਦਰਾ XUV 700 ਦੇ ਜੈਵਲਿਨ ਗੋਲਡ ਐਡੀਸ਼ਨ ਦੀ ਵਿਸ਼ੇਸ਼ਤਾ ਦੀ ਗੱਲ ਕਰੀਏ ਤਾਂ ਇਸ SUV ਨੂੰ ਰਵਾਇਤੀ ਮਾਡਲ ਤੋਂ ਵੱਖਰਾ ਬਣਾਉਣ ਲਈ ਕੰਪਨੀ ਨੇ ਇਸਦੇ ਬਾਹਰੀ ਤੇ ਅੰਦਰੂਨੀ ਹਿੱਸੇ ‘ਚ ਬਹੁਤ ਸਾਰਾ ਗੋਲਡ ਟ੍ਰੀਟਮੈਂਟ ਦਿੱਤਾ ਹੈ। ਇਸ ਦੀ ਫਰੰਟ ਗ੍ਰਿਲ ਨੂੰ ਗੋਲਡ ਫਿਨਿਸ਼ ਨਾਲ ਤਿਆਰ ਕੀਤਾ ਗਿਆ ਹੈ।

ਨੀਰਜ ਚੋਪੜਾ ਨੂੰ ਪ੍ਰਦਾਨ ਕੀਤੀ ਗਈ XUV 700 ‘ਤੇ ਨੀਰਜ ਦੇ ਜੈਵਲਿਨ ਥਰੋਅ ਸਟਾਈਲ ਦੇ ਨਾਲ-ਨਾਲ ਓਲੰਪਿਕ ਵਿੱਚ ਸੁੱਟੇ ਗਏ ‘ਗੋਲਡਨ ਥ੍ਰੋਅ’ ਦੀ ਤਸਵੀਰ ਹੈ। ਨੀਰਜ ਨੇ 87.58 ਦੇ ਸਰਵੋਤਮ ਥ੍ਰੋਅ ਨਾਲ ਪੁਰਸ਼ਾਂ ਦਾ ਜੈਵਲਿਨ ਸੋਨ ਤਗਮਾ ਜਿੱਤਿਆ ਅਤੇ ਕਾਰ ‘ਤੇ ਵੀ ਸੁਨਹਿਰੀ ਡਿਜ਼ਾਈਨ ਵਿੱਚ ‘87.58’ ਦੇ ਇਸ ਵਿਸ਼ੇਸ਼ ਸਕੋਰ ਨੂੰ ਦਰਸ਼ਾਇਆ ਗਿਆ ਹੈ।

Share This Article
Leave a Comment