ਜਗਤਾਰ ਸਿੰਘ ਸਿੱਧੂ
ਸੁਪਰੀਮ ਕੋਰਟ ਨੇ ਦਿੱਲੀ ਦੇ ਸ਼ਾਹਦਰਾ ਖੇਤਰ ਦੇ ਗੁਰਦੁਆਰਾ ਸਾਹਿਬ ਦੇ ਹੱਕ ਸ਼ਲਾਘਾਯੋਗ ਫੈਸਲਾ ਦਿੱਤਾ ਹੈ ਕਿ ਇਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਅਤੇ ਇਸ ਮਾਮਲੇ ਵਿੱਚ ਪਾਈ ਵਕਫ ਬੋਰਡ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ।ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਉਸ ਥਾਂ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਅਤੇ ਇਸ ਨੂੰ ਇਸ ਤਰੀਕੇ ਨਾਲ ਹੀ ਪ੍ਰਵਾਨ ਕੀਤਾ ਜਾਵੇ। ਵਕਫ ਬੋਰਡ ਨੇ ਦਿੱਲੀ ਹਾਈ ਕੋਰਟ ਦੇ ਗੁਰਦੁਆਰਾ ਸਾਹਿਬ ਦੇ ਹੱਕ ਵਿੱਚ ਆਏ ਫੈਸਲੇ ਨੂੰ ਚੁਣੌਤੀ ਦਿੱਤੀ ਸੀ । ਹੇਠਲੀ ਅਦਾਲਤ ਪਹਿਲਾਂ ਹੀ ਗੁਰਦੁਆਰਾ ਦੇ ਹੱਕ ਵਿੱਚ ਫੈਸਲਾ ਦੇ ਚੁੱਕੀ ਹੈ ।ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉੱਥੇ ਮਸਜਿਦ ਦਾ ਢਾਂਚਾ ਸੀ ਜੋ ਕਿ ਗੁਰਦੁਆਰਾ ਦੇ ਰੂਪ ਵਿੱਚ ਤਿਆਰ ਕੀਤਾ ਹੋਇਆ ਸੀ ਅਤੇ ਉਸ ਦਾ ਇਸਤੇਮਾਲ ਵਕਫ ਦੀ ਜਾਇਦਾਦ ਦੇ ਤੌਰ ਤੇ ਹੀ ਕੀਤਾ ਜਾ ਰਿਹਾ ਸੀ । ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਉਹ ਗੁਰਦੁਆਰਾ ਦਾ ਢਾਂਚਾ ਨਹੀਂ ਸਗੋਂ ਗੁਰਦੁਆਰਾ ਸਾਹਿਬ ਹੀ ਹੈ ।ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹੇਠਲੀ ਅਦਾਲਤ ਵਿੱਚ ਸੁਣਵਾਈ ਦੌਰਾਨ ਇਕ ਗਵਾਹ ਨੇ ਆਪ ਸਵੀਕਾਰ ਕੀਤਾ ਸੀ ਕਿ 1947 ਵੇਲੇ ਉਸ ਥਾਂ ਗੁਰਦੁਆਰਾ ਸਾਹਿਬ ਹੀ ਬਣਿਆ ਹੋਇਆ ਸੀ!
ਸੁਪਰੀਮ ਕੋਰਟ ਦੇ ਫੈਸਲੇ ਨਾਲ ਜਿੱਥੇ ਹੇਠਲੀ ਅਦਾਲਤ ਦੇ ਫੈਸਲੇ ਉਤੇ ਮੋਹਰ ਲੱਗੀ ਹੈ ਉੱਥੇ ਬੇਲੋੜੀ ਦਾਅਵੇ ਕਰਨ ਵਾਲੇ ਲੋਕਾਂ ਨੂੰ ਵੀ ਝਟਕਾ ਲੱਗਿਆ ਹੈ । ਅਸਲ ਵਿੱਚ ਪਿਛਲੇ ਕੁਝ ਸਮੇਂ ਤੋ ਧਾਰਮਿਕ ਅਸਥਾਨਾਂ ਨੂੰ ਲੈ ਕੇ ਦਾਅਵੇਦਾਰੀਆਂ ਦੀ ਕਾਫ਼ੀ ਚਰਚਾ ਹੈ। ਇਸ ਕਾਰਨ ਵੱਖ-ਵੱਖ ਧਰਮਾਂ ਅੰਦਰ ਵੀ ਕਈ ਵਾਰ ਤਣਾਅ ਦਾ ਮਹੌਲ ਬਣਦਾ ਹੈ ਅਤੇ ਵੱਖ-ਵੱਖ ਫਿਰਕਿਆਂ ਵਿੱਚ ਨਫ਼ਰਤ ਵੀ ਫੈਲਦੀ ਹੈ। ਇਹ ਦਾਅਵੇ ਦਾਰੀਆਂ ਕਿਧਰੇ ਰੁਕਣ ਦਾ ਨਾਂ ਨਹੀਂ ਲੈ ਰਹੀਆਂ । ਬੇਸ਼ਕ ਅਕਸਰ ਧਾਰਮਿਕ ਅਸਥਾਨਾਂ ਬਾਰੇ ਦਾਅਵੇ ਕਰਨ ਦਾ ਕੰਮ ਧਰਮ ਨਾਲ ਜੋੜਕੇ ਸ਼ੁਰੂ ਹੁੰਦਾ ਹੈ ਪਰ ਬਾਅਦ ਵਿੱਚ ਇਹ ਮਾਮਲਾ ਰਾਜਸੀ ਆਗੂਆਂ ਦੇ ਹੱਥਾਂ ਵਿੱਚ ਚਲਾ ਜਾਂਦਾ ਹੈ ਅਤੇ ਵੇਖਿਆ ਜਾਂਦਾ ਹੈ ਕਿ ਮਾਮਲੇ ਨੂੰ ਵਧਾਉਣ ਨਾਲ ਵਧੇਰੇ ਵੋਟਾਂ ਮਿਲਣਗੀਆਂ ਜਾਂ ਮਾਮਲੇ ਨੂੰ ਦਬਾਉਣ ਨਾਲ ਵਧੇਰੇ ਵੋਟਾਂ ਮਿਲਣਗੀਆਂ? ਇਸ ਸਥਿਤੀ ਵਿੱਚ ਕਈ ਵਾਰ ਮੀਡੀਆ ਵੀ ਸਹੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਇਕ ਪਾਸੜ ਹੋ ਤੁਰਦਾ ਹੈ । ਸੁਪਰੀਮ ਕੋਰਟ ਦੇ ਨਾਜ਼ੁਕ ਮਾਮਲਿਆਂ ਵਿੱਚ ਆਏ ਫੈਸਲੇ ਦੇਸ਼ ਦੋ ਏਕਤਾ ਅਤੇ ਅਖੰਡਤਾ ਦੇ ਨਾਲ ਨਾਲ ਸਮਾਜਿਕ ਸਦਭਾਵਨਾ ਕਾਇਮ ਰੱਖਣ ਲਈ ਵੀ ਬਹੁਤ ਸਹਾਈ ਹੁੰਦੇ ਹਨ।
ਸੰਪਰਕ 9814002186