ਨਵੀਂ ਦਿੱਲੀ: ਅਦਾਲਤ ਦਾ ਨਿਰਾਦਰ ਕਰਨ ਦੇ ਮਾਮਲੇ ‘ਚ ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਦੋਸ਼ੀ ਪਾਏ ਗਏ ਹਨ। ਜਸਟਿਸ ਅਰੁਣ ਮਿਸ਼ਰਾ, ਜਸਟਿਸ ਬੀ.ਆਰ ਗਵਈ ਅਤੇ ਜਸਟਿਸ ਕ੍ਰਿਸ਼ਨਾ ਮੁਰਾਰੀ ਦੇ ਬੈਂਚ ਨੇ ਪ੍ਰਸ਼ਾਂਤ ਭੂਸ਼ਣ ਨੂੰ ਅਪਮਾਨ ਦਾ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਇਸ ਮਾਮਲੇ ਵਿਚ ਸੁਣਵਾਈ 20 ਅਗਸਤ ਨੂੰ ਹੋਵੇਗੀ।
ਇਸ ਤੋਂ ਪਹਿਲਾਂ ਅਦਾਲਤ ਨੇ 5 ਅਗਸਤ ਨੂੰ ਇਸ ਮਾਮਲੇ ਵਿੱਚ ਸੁਣਵਾਈ ਪੂਰੀ ਕਰਦੇ ਹੋਏ ਕਿਹਾ ਸੀ ਕਿ ਇਸ ਉੱਤੇ ਫੈਸਲਾ ਸੁਣਾਇਆ ਜਾਵੇਗਾ। ਪ੍ਰਸ਼ਾਂਤ ਭੂਸ਼ਣ ਨੇ ਉਨ੍ਹਾਂ ਦੇ ਟਵੀਟ ਦਾ ਬਚਾਅ ਕੀਤਾ ਸੀ ਜਿਸ ਵਿੱਚ ਹੁਣ ਅਦਾਲਤ ਨੇ ਮੰਨ ਲਿਆ ਹੈ ਕਿ ਇਸ ਨਾਲ ਅਦਾਲਤ ਦਾ ਨਿਰਾਦਰ ਕੀਤਾ ਗਿਆ ਹੈ, ਉਨ੍ਹਾਂ ਨੇ ਕਿਹਾ ਸੀ ਕਿ ਉਹ ਟਵੀਟ ਜੱਜਾਂ ਦੇ ਖਿਲਾਫ ਉਨ੍ਹਾਂ ਦੇ ਵਿਅਕਤੀਗਤ ਪੱਧਰ ਤੇ ਚਾਲ ਚਲਨ ਨੂੰ ਲੈ ਕੇ ਸਨ ਅਤੇ ਉਹ ਨਿਆਂ ਪ੍ਰਸ਼ਾਸਨ ਵਿਚ ਅੜ੍ਹਚਨ ਪੈਦਾ ਨਹੀਂ ਕਰਦੇ. ਅਦਾਲਤ ਨੇ ਇਸ ਮਾਮਲੇ ਵਿੱਚ ਪ੍ਰਸ਼ਾਸਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ।
ਐਡਵੋਕੇਟ ਪ੍ਰਸ਼ਾਂਤ ਭੂਸ਼ਣ ਨੇ ਇਹ ਟਵੀਟ ਕੀਤੇ ਸਨ:-
“ਭਾਰਤ ਦੇ ਚੀਫ਼ ਜਸਟਿਸ ਅਜਿਹੇ ਸਮੇਂ ਰਾਜ ਭਵਨ, ਨਾਗਪੁਰ ਵਿੱਚ ਇੱਕ ਭਾਜਪਾ ਆਗੂ ਦੀ 50 ਲੱਖ ਦੀ ਮੋਟਰਸਾਈਕਲ ਦੀ ਬਿਨਾਂ ਮਾਸਕ ਜਾਂ ਹੈਲਮਟ ਪਾਏ ਸਵਾਰੀ ਕਰਦੇ ਹਨ ਜਦੋਂ ਉਹ ਸੁਪਰੀਮ ਕੋਰਟ ਨੂੰ ਲੌਕਡਾਊਨ ਵਿੱਚ ਰੱਖ ਕੇ ਨਾਗਰਿਕਾਂ ਨੂੰ ਇਨਸਾਫ਼ ਤੋਂ ਵਾਂਝੇ ਰੱਖ ਰਹੇ ਹਨ।”
“ਆਉਣ ਵਾਲੇ ਕੱਲ੍ਹ ਵਿੱਚ ਜਦੋਂ ਇਤਿਹਾਸਕਾਰ ਪਿੱਛੇ ਮੁੜ ਕੇ ਪਿਛਲੇ ਛੇ ਸਾਲਾਂ ਦਾ ਦੌਰ ਦੇਖਣਗੇ ਕਿ ਭਾਰਤ ਵਿੱਚ ਗੈਰ-ਰਸਮੀ ਐਮਰਜੈਂਸੀ ਲਾਏ ਲੋਕਤੰਤਰ ਨੂੰ ਕਿਸ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਤਾਂ ਉਹ ਖ਼ਾਸ ਤੌਰ ‘ਤੇ ਇਸ ਤਬਾਹੀ ਵਿੱਚ ਸੁਪਰੀਮ ਕੋਰਟ ਦੀ ਭੂਮਿਕਾ ਦਾ ਜ਼ਿਕਰ ਕਰਨਗੇ ਅਤੇ ਉਨ੍ਹਾਂ ਵਿੱਚੋਂ ਵੀ ਖ਼ਾਸ ਕਰ ਕੇ ਭਾਰਤ ਦੇ ਅੰਤਿਮ ਚਾਰ ਚੀਫ਼ ਜਸਟਿਸਾਂ ਦੀ ਭੂਮਿਕਾ ਬਾਰੇ ਗੱਲਬਾਤ ਹੋਵੇਗੀ।”