ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਸਿੰਘੂ ਬਾਰਡਰ ‘ਤੇ ਜਾਰੀ ਕਿਸਾਨਾਂ ਦੇ ਸੰਘਰਸ਼ ਕਾਰਨ ਬੰਦ ਪਏ ਹਾਈਵੇਅ ਨੂੰ ਖੁਲਵਾਉਣ ਸਬੰਧੀ ਦਰਜ ਕੀਤੀ ਗਈ ਪਟੀਸ਼ਨ ’ਤੇ ਸੁਣਵਾਈ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਹੈ। ਸੋਮਵਾਰ ਨੂੰ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪਟੀਸ਼ਨਰਾਂ ਨੂੰ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਣ ਲਈ ਕਿਹਾ ਹੈ।
ਸੁਪਰੀਮ ਕੋਰਟ ਨੇ ਕਿਹਾ ਕਿ ਪਟੀਸ਼ਨਰ ਸੋਨੀਪਤ ਦੇ ਨਿਵਾਸੀ ਹਨ ਤਾਂ ਹਾਈ ਕੋਰਟ ਜਾ ਸਕਦੇ ਹਨ। ਪਟੀਸ਼ਨਰਾਂ ਨੇ ਕਿਹਾ ਕਿ ਅਸੀਂ ਸ਼ਾਂਤਮਈ ਪ੍ਰਦਰਸ਼ਨ ਦੇ ਖਿਲਾਫ ਨਹੀਂ ਹਾਂ ਪਰ ਸਿੰਘੂ ਬਾਰਡਰ ਉੱਤੇ ਹਾਈਵੇਅ ਦੇ ਦੋਵੇਂ ਪਾਸਿਓਂ ਸੜਕ ਬੰਦ ਹੈ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਇਸ ਲਈ ਸੁਪਰੀਮ ਕੋਰਟ ਸਰਕਾਰ ਨੂੰ ਸੜਕ ਖੋਲ੍ਹਣ ਦੇ ਆਦੇਸ਼ ਦੇਣ ਜਾਂ ਹੋਰ ਸੜਕ ਬਣਾਈ ਜਾਵੇ ਤਾਂਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਨਾਂ ਹੋਵੇ।
ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਕਿ ਇਸ ਮਾਮਲੇ ਵਿਚ ਹਾਈ ਕੋਰਟ ਪੂਰੀ ਤਰ੍ਹਾਂ ਸਮਰੱਥ ਹੈ। ਪਟੀਸ਼ਨਰ ਨਾਗਰਿਕਾਂ ਦੇ ਵਿਰੋਧ ਦੇ ਅਧਿਕਾਰ ਅਤੇ ਨਾਗਰਿਕਾਂ ਦੇ ਬਿਨ੍ਹਾਂ ਰੋਕ ਟੋਕ ਆਵਾਜਾਈ ਦੇ ਅਧਿਕਾਰ ਲਈ ਹਾਈਕੋਰਟ ‘ਚ ਜਾਣ।