ਟਰੰਪ ਨੂੰ ਅਮਰੀਕੀ ਸੁਪਰੀਮ ਕੋਰਟ ‘ਚ ਮਿਲੀ ਵੱਡੀ ਜਿੱਤ, ਨਵੇਂ ਸ਼ਰਨਾਰਥੀ ਨਿਯਮਾਂ ਨੂੰ ਮਨਜ਼ੂਰੀ

TeamGlobalPunjab
2 Min Read

ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਨੂੰ ਅਮਰੀਕਾ ਦੀ ਸੁਪਰੀਮ ਕੋਰਟ ‘ਚ ਵੱਡੀ ਜਿੱਤ ਮਿਲੀ ਹੈ। ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਨੂੰ ਨਵੇਂ ਸ਼ਰਨਾਰਥੀ ਨਿਯਮਾਂ ਨੂੰ ਲਾਗੂ ਕਰਨ ਦੀ ਆਗਿਆ ਦੇ ਦਿੱਤੀ ਹੈ। ਅਮਰੀਕਾ ਵਿੱਚ ਸ਼ਰਨ ਮੰਗ ਰਹੇ ਲੋਕਾਂ ਦੀ ਗਿਣਤੀ ‘ਚ ਕਟੌਤੀ ਕਰਨ ਵਾਲੇ ਇਨ੍ਹਾਂ ਨਵੇਂ ਨਿਯਮਾਂ ਨੂੰ ਲਾਗੂ ਕਰਨ ਦੀ ਮਨਜ਼ੂਰੀ ਦੇਣਾ ਟਰੰਪ ਲਈ ਵੱਡੀ ਜਿੱਤ ਹੈ। ਕੋਰਟ ਦੇ ਫੈਸਲੇ ‘ਤੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਖੁਸ਼ੀ ਜਤਾਈ ਹੈ ਉਨ੍ਹਾਂ ਨੇ ਇਸ ਨੂੰ ਵੱਡੀ ਜਿੱਤ ਦੱਸਿਆ।

ਇਸ ਫੈਸਲੇ ਦੇ ਨਾਲ ਡੋਨਲਡ ਟਰੰਪ ਪ੍ਰਸ਼ਾਸਨ ਆਪਣੀ ਨੀਤੀ ਨੂੰ ਲਾਗੂ ਕਰ ਸਕੇਗਾ ਹਾਲਾਂਕਿ ਹੇਠਲੀ ਅਦਾਲਤ ਵਿਚ ਇਸ ਸਬੰਧੀ ਮੁਕਦਮੇ ਚਲ ਰਹੇ ਹਨ। ਸੁਪਰੀਮ ਕੋਰਟ ਦੇ ਦੋ ਜੱਜਾਂ ਸੋਨੀਆ ਸੋਤੋਮੇਅਰ ਅਤੇ ਰੁਦ ਬੇਡਰ ਗਿਨਸਬਰਗ ਨੇ ਇਸ ਆਦੇਸ਼ ਉਤੇ ਅਸਹਿਮਤੀ ਪ੍ਰਗਟਾਈ ਹੈ। ਵਾਈਟ ਹਾਊਸ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ।

ਵਾਈਟ ਹਾਊਸ ਦੇ ਬੁਲਾਰੇ ਹੋਗਨ ਗਿੜਲੇ ਨੇ ਇਸ ਸਬੰਧੀ ਬੋਲਦਿਆਂ ਕਿਹਾ ਕਿ ਅਸੀਂ ਖੁਸ਼ ਹਾਂ ਕਿ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੁਣ ਪ੍ਰਸ਼ਾਸਨ ਸ਼ਰਨਾਰਥੀ ਪ੍ਰਣਾਲੀ ਵਿਚ ਕਮੀਆਂ ਨੂੰ ਖਤਮ ਕਰਨ ਲਈ ਮਹੱਤਵਪੂਰਣ, ਜ਼ਰੂਰੀ ਨਿਯਮਾਂ ਨੂੰ ਲਾਗੂ ਕਰ ਸਕਦਾ ਹੈ। ਇਸ ਨਾਲ ਦੱਖਣੀ ਸੀਮਾ ‘ਤੇ ਸਮੱਸਿਆ ਨੂੰ ਦੂਰ ਕਰਨ ਵਿਚ ਸਾਨੂੰ ਸਹਾਇਤਾ ਮਿਲੇਗੀ ਤੇ ਅਮਰੀਕੀ ਭਾਈਚਾਰਾ ਸੁਰੱਖਿਅਤ ਹੋਵੇਗਾ।

ਰਫਿਊਜੀ ਇੰਟਰਨੇਸ਼ਨਲ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਦੱਖਣੀ ਸੀਮਾ ‘ਤੇ ਸ਼ਰਨ ਮੰਗਣ ਵਾਲੇ ਲੋਕਾਂ ਲਈ ਇਕ ਵੱਡਾ ਝਟਕਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਹੁਤ ਜ਼ਿਆਦਾ ਨਿਰਾਸ਼ ਹਾਂ ਕਿ ਦੇਸ਼ ਦੀ ਸਰਵ ਉਚ ਅਦਾਲਤ ਨੇ ਤੀਜੇ ਦੇਸ਼ਾਂ ਦੇ ਰਾਹੀਂ ਆਉਣ ਵਾਲੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਕਿਸੇ ਨੂੰ ਵੀ ਸ਼ਰਨ ਦੇਣ ਤੋਂ ਰੋਕਣ ਵਾਲੀ ਨੀਤੀ ਉਤੇ ਸਥਗਨ ਆਦੇਸ਼ ਉਤੇ ਰੋਕ ਹਟਾ ਦਿੱਤੀ ਹੈ।

Share this Article
Leave a comment