ਚੰਡੀਗੜ੍ਹ: ਅਦਾਲਤ ‘ਚ ਅੱਜ ਈ.ਡੀ ਵਲੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਮੁਲਜ਼ਮ ਗੁਰਪ੍ਰੀਤ ਸਿੰਘ ਖਿਲਾਫ਼ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ।ਮਨੀ ਲਾਂਡਰਿੰਗ ਦੇ ਮਾਮਲੇ `ਚ ਈ. ਡੀ. ਵਲੋਂ ਜੋ ਮਾਮਲਾ ਦਰਜ ਕੀਤਾ ਗਿਆ ਸੀ ਸਬੰਧੀ ਮਾਮਲੇ ਦੀ ਸੁਣਵਾਈ ਵਧੀਕ ਜਿ਼ਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ‘ਚ ਹੋਈ।
ਹਾਸਿਲ ਜਾਣਕਾਰੀ ਅਨੁਸਾਰ ਮਨੀ ਲਾਂਡਰਿੰਗ ਮਾਮਲੇ ਵਿਚ ਪਿਛਲੀ ਵਾਰ ਪੇਸ਼ੀ ‘ਤੇ ਮਾਨਯੋਗ ਅਦਾਲਤ ਵਲੋਂ ਸਾਧੂ ਸਿੰਘ ਧਰਮਸੌਤ ਦੇ ਲੜਕੇ ਹਰਪ੍ਰੀਤ ਸਿੰਘ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ ਪਰ ਹੁਣ ਅਦਾਲਤ ਵਲੋਂ ਹਰਪ੍ਰੀਤ ਸਿੰਘ ਦੀ ਜਾਇਦਾਦ ਦੀ ਜਾਣਕਾਰੀ ਵੀ ਮੰਗੀ ਗਈ ਹੈ ਤਾਂ ਜੋ ਸੀ. ਆਰ. ਪੀ. ਸੀ. ਦੀ ਧਾਰਾ 83 ਅਧੀਨ ਜਾਇਦਾਦ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ ।
ਮਨੀ ਲਾਂਡਰਿੰਗ ਦੇ ਇਸ ਕੇਸ ‘ਚ ਸਾਧੂ ਸਿੰਘ ਧਰਮਸੋਤ ਇਸ ਵੇਲੇ ਜ਼ਮਾਨਤ ‘ਤੇ ਬਾਹਰ ਹਨ। ਦੱਸਣਯੋਗ ਹੈ ਕਿ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਈ.ਡੀ ਵਲੋਂ ਜਨਵਰੀ 2024 ‘ਚ ਮਨੀ ਲਾਂਡਰਿੰਗ ਕੇਸ ‘ਚ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ‘ਤੇ ਦੋਸ਼ ਸੀ ਕਿ ਜੰਗਲਾਤ ਵਿਭਾਗ ਦੇ ਮੰਤਰੀ ਰਹਿੰਦਿਆਂ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਕੀਤਾ ਹੈ।
ਕਾਂਗਰਸ ਦੀ ਸਰਕਾਰ ਸਮੇਂ ਸਾਧੂ ਸਿੰਘ ਧਰਮਸੋਤ ਕੈਬਨਿਟ ਮੰਤਰੀ ਸਨ। ਆਪ ਸਰਕਾਰ ਨੇ ਸੱਤਾ ‘ਚ ਆਉਂਦਿਆਂ ਹੀ ਧਰਮਸੋਤ ਦੀ ਵਿਜੀਲੈਂਸ ਇਨਕੁਆਰੀ ਸ਼ੁਰੂ ਕਰਵਾਈ ਤਾਂ ਵਿਜੀਲੈਂਸ ਵਲੋਂ ਉਨ੍ਹਾਂ ‘ਤੇ 2 ਵੱਖ- ਵੱਖ ਮਾਮਲੇ ਦਰਜ ਕੀਤੇ ਅਤੇ ਬਾਅਦ ਵਿਚ ਈ.ਡੀ ਵਲੋਂ ਵੀ ਵੱਖਰਾ ਮਾਮਲਾ ਦਰਜ ਕਰਕੇ ਸਾਧੂ ਸਿੰਘ ਧਰਮਸੋਤ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਬਾਅਦ ਵਿਚ ਧਰਮਸੋਤ ਦੇ ਲੜਕੇ ਨੂੰ ਵੀ ਨਾਮਜ਼ਦ ਕਰ ਲਿਆ ਸੀ।