ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ) : ਪੰਜਾਬ ਦੇ ਖੇਡ ਮੰਤਰੀ ਅਤੇ ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਹੈ ਕਿ ਉਨ੍ਹਾਂ ਖ਼ਿਲਾਫ਼ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਲਗਾਏ ਦੋਸ਼ ਬੇਬੁਨਿਆਦ ਹਨ।
ਮੁਹਾਲੀ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਢੀ ਨੇ ਕਿਹਾ ਕਿ ਉਸ ਨੇ ਆਪਣੇ ਪਿਓ- ਦਾਦਿਆਂ ਦੀ ਜ਼ਮੀਨ ਦਾ ਜੋ ਮੁਆਵਜ਼ਾ ਲਿਆ ਹੈ ਉਹ ਸੁਪਰੀਮ ਕੋਰਟ ਦੇ ਆਦੇਸ਼ਾਂ ਮੁਤਾਬਕ ਹੀ ਲਿਆ ਹੈ। ਉਸ ਨੇ ਕਿਸੇ ਵੀ ਤਰ੍ਹਾਂ ਨਿਯਮਾਂ ਦਾ ਉਲੰਘਣ ਨਹੀਂ ਕੀਤਾ। ਉਨ੍ਹਾਂ ਤਾਂ ਇੱਥੋਂ ਤੱਕ ਕਿਹਾ ਕਿ ਸਰਕਾਰ ਤੋਂ ਤਾਂ ਇੱਕ ਵਾਰ ਵੀ ਮੁਆਵਜ਼ਾ ਲੈਣਾ ਮੁਸ਼ਕਿਲ ਹੈ, ਤਾਂ ਦੁਬਾਰਾ ਸਰਕਾਰ ਮੁਆਵਜ਼ਾ ਕਿਵੇਂ ਦੇ ਸਕਦੀ ਹੈ। ਤਿੱਖਾ ਵਿਅੰਗ ਕੱਸਦਿਆਂ ਸੋਢੀ ਨੇ ਕਿਹਾ ਕਿ ਹੁਣ ਬਰਸਾਤੀ ਮੌਸਮ ਹੈ, ਜਿਸ ਕਾਰਨ ਗ਼ੁਬਾਰ ਬਾਹਰ ਨੂੰ ਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਹੈ ਕਿ ਰਾਣਾ ਗੁਰਮੀਤ ਸਿੰਘ ਸੋਢੀ ਨੇ ਆਪਣੀ ਜ਼ਮੀਨ ਦਾ ਦੋ ਵਾਰ ਮੁਆਵਜ਼ਾ ਲੈ ਲਿਆ ਹੈ। ਜਿਸ ਦੇ ਵਿਰੋਧ ਵਜੋਂ ਸੋਢੀ ਨੇ ਇਹ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ।