ਚੰਡੀਗੜ੍ਹ: ਅਰਮੀਨੀਆ ਤੋਂ ਲਿਆਏ ਗਏ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਬੁੱਡਾ ਤੋਂ ਪੁੱਛ ਪੜਤਾਲ ਦੇ ਆਧਾਰ ‘ਤੇ ਉਸ ਦੇ 15 ਅਤੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਦੇ ਕੋਲੋਂ ਵੱਡੀ ਗਿਣਤੀ ਵਿੱਚ ਹਥਿਆਰ, ਨਸ਼ੀਲੇ ਪਦਾਰਥ ਤੇ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਬਿਦੀ ਚੰਦ ਵਾਸੀ ਖੁੱਡਾ ਲਾਹੌਰਾ ਵੀ ਹਨ। ਉਹ 2011 ਵਿੱਚ ਡਿਪਟੀ ਪਾਸਪੋਰਟ ਅਫਸਰ ਦੇ ਅਹੁਦੇ ਤੋਂ ਰਿਟਾਇਰਡ ਹੋਏ ਹਨ ਤੇ ਉਸ ਤੋਂ ਪਹਿਲਾਂ 2007- 08 ਦੌਰਾਨ ਲੋਕ ਸੰਪਰਕ ਅਫਸਰ ( ਪੀਆਰਓ ) ਚੰਡੀਗੜ੍ਹ ਵਿੱਚ ਤਾਇਨਾਤ ਸਨ। ਉਸਨੇ ਗੌਰਵ ਪਟਿਆਲ ਨਾਮਕ ਵਿਅਕਤੀ ਨੂੰ ਫਰਜ਼ੀ ਨਾਮ ਅਤੇ ਪਤੇ ‘ਤੇ ਪਾਸਪੋਰਟ ਬਣਾ ਕੇ ਦੇਣ ਲਈ 50 ਹਜ਼ਾਰ ਰੁਪਏ ਲਏ ਸਨ ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਬੁੱਡਾ ਅਰਮੀਨਿਆ ਤੋਂ ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੰਜਾਬੀ ਸਿੰਗਰ ਤੇ ਐਕਟਰ ਪਰਮੀਸ਼ ਵਰਮਾ ‘ਤੇ ਹਮਲਾ ਕਰਨ ਤੋਂ ਬਾਅਦ ਬੁੱਡਾ ਅਪ੍ਰੈਲ 2018 ਵਿੱਚ ਪੰਜਾਬ ਤੋਂ ਯੂਏਈ ਭੱਜ ਗਿਆ ਸੀ। ਇਸ ਦੌਰਾਨ ਉਸਨੇ ਕਈ ਦੇਸ਼ਾਂ ਦੀ ਯਾਤਰਾ ਕੀਤੀ ਜਿਨ੍ਹਾਂ ਵਿੱਚ ਯੂਏਈ, ਚੀਨ, ਈਰਾਨ, ਰੂਸ, ਥਾਈਲੈਂਡ, ਇੰਡੋਨੇਸ਼ੀਆ, ਜਾਰਜੀਆ ਤੇ ਸਿੰਗਾਪੁਰ ਸ਼ਾਮਲ ਹਨ।
ਡੀਜੀਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਦੇਸ਼ਾਂ ਵਿੱਚ ਉਸ ਦੀ ਯਾਤਰਾ ਤੇ ਗਤੀਵਿਧੀਆਂ ‘ਤੇ ਪੂਰੀ ਨਜ਼ਰ ਰੱਖੀ ਜਾ ਰਹੀ ਸੀ। ਉਨ੍ਹਾਂਨੇ ਦੱਸਿਆ ਕਿ ਪੰਜਾਬ ਪੁਲਿਸ ਹੁਣ ਇਨ੍ਹਾਂ ਦੇਸ਼ਾਂ ਵਿੱਚ ਉਸਦੇ ਸੰਪਰਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਗੈਂਗਸਟਰ ਨਾਲ ਜੁੜੇ ਮਾਮਲਿਆਂ ਦੀ ਪੁਲਿਸ ਲੁਧਿਆਣਾ, ਮੋਗਾ, ਫਰੀਦਕੋਟ, ਖੰਨਾ, ਮੋਹਾਲੀ, ਅਮ੍ਰਿਤਸਰ ਵਿੱਚ ਵੀ ਜਾਂਚ ਕਰ ਰਹੀ ਹੈ ।