ਚੰਡੀਗੜ੍ਹ : ਸੂਬੇ ਅੰਦਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਕਾਰਨ ਹੁਣ ਤਕ 2 ਮੌਤਾਂ ਹੋ ਗਈਆਂ ਹਨ। ਹੁਣ ਤਕ ਇਸ ਦੇ ਮਰੀਜ਼ਾਂ ਦੀ ਗਿਣਤੀ 39 ਹੋ ਗਈ ਹੈ। ਇਸ ਦੌਰਾਨ ਸੂਬੇ ਵਿਚ ਕੋਰੋਨਾ ਵਾਇਰਸ ਫੈਲਾਉਣ ਦਾ ਸਾਰਾ ਇਲਜ਼ਾਮ ਐਨਆਰਆਈ ਲੋਕਾਂ ਤੇ ਲਗਾਇਆ ਜਾ ਰਿਹਾ ਹੈ। ਇਸ ਇਲਜ਼ਾਮ ਦੇ ਦੌਰ ਵਿਚ ਉਨ੍ਹਾਂ ਐਨ ਆਰ ਆਈ ਲੋਕਾਂ ਦੇ ਹੱਕ ਵਿਚ ਸੁਖਪਾਲ ਖਹਿਰਾ ਨੇ ਅਵਾਜ ਚੁਕੀ ਹੈ।
ਸੁਖਪਾਲ ਖਹਿਰਾ ਨੇ ਵੀਡੀਓ ਬਿਆਨ ਵਿਚ ਕਿਹਾ ਕਿ ਅੱਜ ਸੂਬੇ ਵਿਚ ਕੋਰੋਨਾ ਵਾਇਰਸ ਫੈਲਾਉਣ ਦਾ ਦੋਸ਼ ਐਨ ਆਰ ਆਈ ਭਰਾਵਾਂ ਤੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਮ੍ਰਿਤਕ ਬਲਦੇਵ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਅਣਜਾਣੇ ਵਿਚ ਇਧਰ ਉਧਰ ਗਿਆ ਅਤੇ ਇਸ ਦਾ ਖਮਿਆਜ਼ਾ ਉਨ੍ਹਾਂ ਦਾ ਖੁਦ ਦਾ ਪਰਿਵਾਰ ਵੀ ਭੁਗਤ ਰਿਹਾ ਹੈ। ਖਹਿਰਾ ਨੇ ਕਿਹਾ ਕਿ ਅੱਜ ਉਸ ਦੇ ਪਰਿਵਾਰ ਦੇ ਪੁੱਤ ਪੋਤੇ ਅਤੇ ਹੋਰ ਰਿਸ਼ਤੇਦਾਰਾਂ ਦੀ ਵੀ ਰਿਪੋਰਟ ਪੌਜ਼ਟਿਵ ਆਈ ਹੈ। ਉਨ੍ਹਾਂ ਕਿਹਾ ਕਿ ਇਹ ਗ਼ਲਤ ਇਲਜ਼ਾਮ ਲਗਾਏ ਜਾ ਰਹੇ ਹਨ।
ਖਹਿਰਾ ਨੇ ਕਿਹਾ ਕਿ ਪੰਜਾਬ ਵਿਚ ਜੋ ਹੋਰ ਸਮਸਿਆਵਾਂ ਹਨ ਕੀ ਉਹ ਵੀ ਐਨ ਆਰ ਆਈ ਹੀ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕੀ ਅਜਿਹੇ ਇਲਜ਼ਾਮ ਲਗਾ ਕੇ ਉਨ੍ਹਾਂ ਭਰਾਵਾਂ ਦੇ ਮਨੋਬਲ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਜਦੋ ਕਿ ਉਨ੍ਹਾਂ ਦਾ ਪੰਜਾਬ ਦੇ ਵਿਕਾਸ ਵਿਚ ਵਡਾ ਯੋਗਦਾਨ ਹੈ।