ਚੰਡੀਗੜ੍ਹ : ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਮਾਇਤ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖੁੱਲ ਕੇ ਸਾਹਮਣੇ ਆ ਗਏ ਹਨ। ਚੰਡੀਗੜ੍ਹ ਵਿਖੇ ਚੰਨੀ ਨੂੰ ਮਿਲਣ ਪਹੁੰਚੇ ਰੰਧਾਵਾ ਨੇ ਪੰਜਾਬ ਮਹਿਲਾ ਕਮਿਸ਼ਨ ਦੀ ਕਾਰਗੁਜ਼ਾਰੀ ‘ਤੇ ਵੀ ਵੱਡੇ ਸਵਾਲ ਖੜੇ ਕੀਤੇ । ਰੰਧਾਵਾ ਨੇ ਸਵਾਲ ਕੀਤਾ ਕਿ ਮਹਿਲਾ ਕਮਿਸ਼ਨ ਨੂੰ ਆਖਰ ਤਿੰਨ ਸਾਲ ਬਾਅਦ ਇਸ ਮੁੱਦੇ ਦੀ ਯਾਦ ਕਿਵੇਂ ਆਈ ।
ਇਸ ਦੇ ਨਾਲ ਹੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਉਹ ਆਪਣੇ ਖਿਲਾਫ਼ ਕਿਸੇ ਵੀ ਜਾਂਚ ਤੋਂ ਨਹੀਂ ਡਰਦੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਖ਼ਿਲਾਫ਼ ਵਿਜੀਲੈਂਸ ਜਾਂਚ ਕਰਦੀ ਹੈ ਤਾਂ ਉਹ ਖੁਦ ਵਿਜੀਲੈਂਸ ਅੱਗੇ ਪੇਸ਼ ਹੋਣਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੰਧਾਵਾ ਬੇਅਦਬੀ ਮਾਮਲਿਆਂ ਵਿੱਚ ਜਾਂਚ ਟੀਮ ਦੀ ਕਾਰਗੁਜ਼ਾਰੀ ਅਤੇ ਸਰਕਾਰ ਦੇ ਰੁਖ਼ ਪ੍ਰਤੀ ਵੀ ਨਾਖ਼ੁਸ਼ ਦਿਖਾਈ ਦਿੱਤੇ।
ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵਲੋਂ ਦਿੱਤੇ ਤਾਜ਼ਾ ਬਿਆਨ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ। ਕਈ ਮੰਤਰੀਆਂ ਅਤੇ ਵਿਧਾਇਕਾਂ ਨੇ ਅੱਜ ਚਰਨਜੀਤ ਚੰਨੀ ਦੇ ਘਰ ਇਸ ਸਬੰਧ ਵਿਚ ਮੀਟਿੰਗ ਕੀਤੀ ਸੀ। ਰੰਧਾਵਾ ਨੇ ਵੀ ਅੱਜ ਚੰਨੀ ਨਾਲ ਉਨ੍ਹਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ।
ਦੱਸਣਯੋਗ ਹੈ ਕਿ ਔਰਤ ਆਈਏਐੱਸ ਅਫਸਰ ਨੂੰ 2018 ਵਿਚ ਇਤਰਾਜ਼ਯੋਗ ਮੈਸੇਜ ਭੇਜਣ ਦੇ ਮਾਮਲੇ ਵਿਚ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਐਲਾਨ ਕਰ ਦਿੱਤਾ ਹੈ ਕਿ ਜੇ ਪੰਜਾਬ ਸਰਕਾਰ ਹਫ਼ਤੇ ਤਕ ਜਵਾਬ ਨਹੀਂ ਦਿੰਦੀ ਤਾਂ ਉਹ ਭੁੱਖ ਹਡ਼ਤਾਲ ’ਤੇ ਬੈਠਣਗੇ। ਚੇਅਰਪਰਸਨ ਨੇ ਕਿਹਾ ਕਿ ਉਨ੍ਹਾਂ ਨੇ 2018 ਵਿਚ ਉਦੋਂ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿਚ ਜਵਾਬ ਮੰਗਿਆ ਸੀ, ਜੋ ਹਾਲੇ ਤਕ ਨਹੀਂ ਆਇਆ।