ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਯੂਥ ਵਿੰਗ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰਾ ਨਾਲ ਮੀਟਿੰਗ

TeamGlobalPunjab
3 Min Read

ਮੋਹਾਲੀ: ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਯੂਥ ਵਿੰਗ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਅੱਜ ਪਾਰਟੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਮੁੱਖ ਦਫਤਰ ਸੈਕਟਰ 82, ਮੁਹਾਲੀ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਪਾਰਟੀ ਅਤੇ ਪੰਜਾਬ ਦੇ ਨੌਜਵਾਨਾਂ ਨਾਲ ਸਬੰਧਿਤ ਵੱਖ ਵੱਖ ਮੁੱਦਿਆਂ ਤੇ ਵਿਚਾਰ ਚਰਚਾਵਾਂ ਕੀਤੀਆਂ ਗਈਆਂ। ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਢੀਂਡਸਾ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਅਤੇ ਸਮਾਜ ਦਾ ਅਟੁੱਟ ਅਤੇ ਮਹੱਤਵਪੂਰਨ ਅੰਗ ਹੁੰਦੇ ਹਨ ਇਸ ਲਈ ਪਾਰਟੀ ਵਿੱਚ ਨੌਜਵਾਨਾਂ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਨੌਜਵਾਨ ਹੀ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਉੱਤੇ ਲਿਆ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆ ਦੀ ਸਮਾਜ ਨਿਰਮਾਣ ਵਿੱਚ ਅਹਿਮੀਅਤ ਨੂੰ ਸਮਝਦੇ ਹੋਏ ਪਾਰਟੀ ਦੇ ਵਿਦਿਆਰਥੀ ਵਿੰਗ ਦਾ ਗਠਨ ਵੀ ਜਲਦ ਹੀ ਕੀਤਾ ਜਾਵੇਗਾ।

ਸਰਦਾਰ ਢੀਂਡਸਾ ਨੇ ਕਿਹਾ ਕਿ ਮੋਗਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾ ਜਨਮ ਸ਼ਤਾਬਦੀ ਸਮਾਰੋਹ ਮਨਾਉਣ ਵਿੱਚ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ਰਹੇਗੀ ਅਤੇ ਆਸ ਹੈ ਕਿ ਸੂਬੇ ਭਰ ਦੇ ਨੌਜਵਾਨ ਇਸ ਵਿੱਚ ਸ਼ਾਮਲ ਹੋ ਕੇ ਅਕਾਲੀ ਦਲ ਦੀ ਸ਼ਾਨ ਨੂੰ ਮੁੜ ਬਹਾਲ ਕਰਨਗੇ। ਸਰਦਾਰ ਢੀਂਡਸਾ ਨੇ ਕਿਹਾ ਕਿ ਨੌਜਵਾਨਾ ਦੀ ਪੀੜ੍ਹੀ ਨੂੰ ਸਿੱਖ ਰਵਾਇਤਾਂ ਨਾਲ ਜੋੜਨਾ ਸਮੇਂ ਦੀ ਮੰਗ ਹੈ ਤਾਂ ਜੋ ਉਹ ਪੰਜਾਬ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰ ਸਕਣ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਸਿੱਖ ਪੰਥ ਅਤੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ ਜਿਸ ਦੀ ਭਰਪਾਈ ਕਰਨਾ ਇੱਕ ਵੱਡਾ ਕਾਰਜ ਹੈ। ਉਨ੍ਹਾਂ ਪਾਰਟੀ ਦੇ ਯੂਥ ਵਿੰਗ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰਾਂ ਨੂੰ ਪਿੰਡਾਂ ਵਿੱਚ ਜਾ ਕੇ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਦੱਸਣ ਅਤੇ ਉਨ੍ਹਾਂ ਨੂੰ ਰਾਜਨੀਤੀ ਵਿੱਚ ਲਿਆਉਣ ਲਈ ਉਤਸ਼ਾਹਿਤ ਕਰਨ ਲਈ ਕਿਹਾ। ਢੀਂਡਸਾ ਨੇ ਕਿਹਾ ਕਿ ਜਲਦੀ ਹੀ ਪੰਜਾਬ ਵਿੱਚ ਨੌਜਵਾਨਾ ਅਤੇ ਹੋਰ ਵਰਗ ਦੇ ਲੋਕਾਂ ਨੂੰ ਪਾਰਟੀ ਨਾਲ ਜੁੜਨ ਲਈ ਮੈਂਬਰਸ਼ਿਪ ਮੁਹਿੰਮ ਦਾ ਅਗਾਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟਕਸਾਲੀ ਅਕਾਲੀ ਪਰਿਵਾਰਾਂ ਦੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਣ ਲਈ ਉਨ੍ਹਾਂ ਨੂੰ ਪਾਰਟੀ ਦੇ ਪੁਰਾਣੇ ਆਗੂਆਂ ਵੱਲੋਂ ਕੀਤੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਦੇਣ ਲਈ ਖਾਸ ਤੌਰ ਤੇ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ।

ਕਿਸਾਨ ਸੰਘਰਸ਼ ਬਾਰੇ ਬੋਲਦਿਆਂ ਸਰਦਾਰ ਢੀਂਡਸਾ ਨੇ ਕਿਹਾ ਕਿ ਪਾਰਟੀ ਆਪਣੇ ਪੱਧਰ ਉੱਤੇ ਕੋਈ ਵੀ ਪ੍ਰੋਗਰਾਮਾਂ ਨਹੀਂ ਉਲੀਕੇਗੀ ਸਗੋਂ ਕਿਸਾਨ ਆਗੂਆਂ ਦੁਆਰਾ ਦਿੱਤੇ ਗਏ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਕੇ ਉਨ੍ਹਾਂ ਦੇ ਟੀਚੇ ਨੂੰ ਪੂਰਾ ਕਰਨ ਦਾ ਯਤਨ ਕਰੇਗੀ। ਸਾਰੀਆਂ ਸਿਆਸੀ ਪਾਰਟੀਆਂ ਨੂੰ ਕਿਸਾਨਾ ਦੇ ਮੁੱਦੇ ਉੱਤੇ ਇੱਕ ਹੋ ਜਾਣ ਦੀ ਬੇਨਤੀ ਕਰਦਿਆਂ ਢੀਂਡਸਾ ਨੇ ਕਿਹਾ ਕਿ ਜੇਕਰ ਕਿਸਾਨ ਹੀ ਨਾ ਰਹਿਣਗੇ ਤਾਂ ਪੰਜਾਬ ਅਤੇ ਦੇਸ਼ ਦਾ ਢਾਂਚਾ ਹੀ ਤਹਿਸ ਨਹਿਸ ਹੋ ਜਾਵੇਗਾ। ਉਨ੍ਹਾਂ ਕੇਂਦਰ ਸਰਕਾਰ ਤੋਂ ਕਿਸਾਨਾ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਕੋਈ ਹੱਲ ਲੱਭਣ ਦੀ ਗੁਜ਼ਾਰਿਸ਼ ਵੀ ਕੀਤੀ। ਪਾਰਟੀ ਦੇ ਪ੍ਰਮੁੱਖ ਆਗੂ ਸਾਬਕਾ ਮੰਤਰੀ ਅਤੇ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਯੂਥ ਵਿੰਗ ਦੇ ਅਹੁਦੇਦਾਰ ਜਲਦੀ ਹੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਣਗੇ।

Share this Article
Leave a comment