ਚੰਡੀਗੜ੍ਹ: ਤਿੰਨ ਸਾਲ ਪੁਰਾਣੇ ਇੱਕ ਮਾਣਹਾਨੀ ਮਾਮਲੇ ‘ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚੰਡੀਗੜ੍ਹ ਦੀ ਅਦਾਲਤ ‘ਚ ਸਰੰਡਰ ਕਰਨਾ ਪਿਆ। ਹਾਲਾਂਕਿ ਬਾਅਦ ਵਿੱਚ ਕੋਰਟ ਨੇ 20 ਹਜ਼ਾਰ ਰੁਪਏ ਦੇ ਬੇਲ ਬੌਂਡ ਨਾਲ ਸੁਖਬੀਰ ਬਾਦਲ ਨੂੰ ਜ਼ਮਾਨਤ ਦੇ ਦਿੱਤੀ ਹੈ। ਦਰਅਸਲ 4 ਜਨਵਰੀ, 2017 ਨੂੰ ਕੀਰਤਨੀ ਜਥੇ ਦੇ ਇਕ ਮੈਂਬਰ ਰਾਜਿੰਦਰਪਾਲ ਨੇ ਦੋਸ਼ ਲਗਾਏ ਸਨ ਕਿ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਨ੍ਹਾਂ ਦੇ ਘਰ ਸਵੇਰ ਦੇ ਸਮੇਂ ਉਨ੍ਹਾਂ ਨੂੰ ਮਿਲਣ ਆਏ ਸਨ।
ਉਦੋਂ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਪ੍ਰਤੀ ਗਲ਼ਤ ਟਿੱਪਣੀ ਕੀਤੀ ਸੀ। ਜਿਸ ਨਾਲ ਉਹਨਾਂ ਦੀ ਇਮੇਜ ਨੂੰ ਠੇਸ ਪਹੁੰਚੀ ਸੀ। ਇਸ ਤੋਂ ਬਾਅਦ ਰਾਜਿੰਦਰਪਾਲ ਨੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ‘ਚ ਸੁਖਬੀਰ ਸਿੰਘ ਬਾਦਲ ਖਿਲਾਫ਼ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਸੀ।
ਜਿਸ ਤਹਿਤ ਅਦਾਲਤ ਨੇ ਸੁਖਬੀਰ ਸਿੰਘ ਬਾਦਲ ਨੂੰ ਬੁੱਧਵਾਰ ਕੋਰਟ ‘ਚ ਪੇਸ਼ ਹੋਣ ਲਈ ਕਿਹਾ ਪਰ ਸੁਖਬੀਰ ਸਿੰਘ ਬਾਦਲ ਕੋਰਟ ਸਾਹਮਣੇ ਹਾਜ਼ਰ ਨਹੀਂ ਹੋਏ। ਜਿਸ ਤੋਂ ਬਾਅਦ ਚੰਡੀਗੜ੍ਹ ਅਦਾਲਤ ਨੇ ਸੁਖਬੀਰ ਸਿੰਘ ਬਾਦਲ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਸਨ। ਗੈਰ-ਜ਼ਮਾਨਤੀ ਵਾਰੰਟ ਜਾਰੀ ਹੁੰਦੇ ਦੇਖ ਸੁਖਬੀਰ ਸਿੰਘ ਬਾਦਲ ਬੁੱਧਵਾਰ ਸ਼ਾਮ ਨੂੰ ਹੀ ਚੰਡੀਗੜ੍ਹ ਅਦਾਲਤ ‘ਚ ਪੇਸ਼ ਹੋਏ ਗਏ ਅਤੇ ਨਾਲ ਹੀ ਉਹਨਾਂ ਨੂੰ ਜ਼ਮਾਨਤ ਮਿਲ ਗਈ।