ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਟੇਲਾਨ ਕੀਤਾ ਕਿ ਪਾਰਟੀ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਪਾਰਟੀ ਦਾ ਉਚ ਪੱਧਰੀ ਵਫਦ ਅੱਜ ਲਖੀਮਪੁਰ ਜਾ ਰਿਹਾ ਹੈ ਤੇ ਉਹਨਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲੇਗਾ ਜਿਹਨਾਂ ਨੂੰ ਭਾਜਪਾ ਦੇ ਕੇਂਦਰੀ ਮੰਤਰੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੇ ਕੱਲ੍ਹ ਗੱਡੀ ਥੱਲੇ ਕੁਚਲ ਕੇ ਮਾਰ ਦਿੱਤਾ ਸੀ ਤੇ ਉਹਨਾਂ ਕਿਸਾਨਾਂ ’ਤੇ ਇਸ ਨਿਰਦਈ ਹਮਲੇ ਦੀ ਆਜ਼ਾਦ ਤੇ ਨਿਰਪੱਖ ਜਾਂਚ ਦੀ ਮੰਗ ਕੀਤੀ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਾਰਟੀ ਦਾ ਵਫਦ ਲਖੀਮਪੁਰ ਖੇੜੀ ਲਈ ਰਵਾਨਾ ਹੋ ਗਿਆ ਹੈ। ਉਹਨਾਂ ਇਹ ਵੀ ਐਲਾਨ ਕੀਤਾ ਕਿ ਪਾਰਟੀ ਨੇ ਕੱਲ੍ਹ ਕੋਰ ਕਮੇਟੀ ਦੀ ਐਮਰਜੰਸੀ ਮੀਟਿੰਗ ਸੱਦੀ ਹੈ ਜਿਸ ਵਿਚ ਪਾਰਟੀ ਦੇ ਵਫਦ ਤੋਂ ਰਿਪੋਰਟ ਪ੍ਰਾਪਤ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਦੀ ਯੋਜਨਾ ਉਲੀਕੀ ਜਾਵੇਗੀ। ਉਹਨਾਂ ਐਲਾਨ ਕੀਤਾ ਕਿ ਕੱਲ੍ਹ ਜਲੰਧਰ ਵਿਚ ਹੋਣ ਵਾਲਾ ਪ੍ਰੋਗਰਾਮ ਮੁਤਲਵੀ ਕਰ ਦਿੱਤਾ ਗਿਆ ਹੈ।
ਸੁਖਬੀਰ ਸਿੰਘ ਬਾਦਲ ਨੇ ਉੱਤਰ ਪ੍ਰਦੇਸ਼ ਸਕਰਾਰ ਨੁੰ ਅਪੀਲ ਕੀਤੀ ਕਿ ਉਹ ਸਿਆਸੀ ਮਜਬੂਰੀਆਂ ਤੋਂ ਉਪਰ ਉਠੇ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਦੇ ਖਿਲਾਫ ਕਤਲ ਕੇਸ ਦਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਨੂੰ ਮਾਮਲੇ ਵਿਚ ਹਲਕਾ ਕੇਸ ਦਰਜ ਕਰ ਕੇ ਦੋਸ਼ੀ ਦਾ ਬਚਾਅ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਅਸ਼ੀਸ਼ ਮਿਸ਼ਰਾ ਤੇ ਭਾਜਪਾ ਦੇ ਹੋਰ ਸਾਰੇ ਆਗੂ ਜਿਹਨਾਂ ’ਤੇ ਕਿਸਾਨਾਂ ’ਤੇ ਹਿੰਸਕ ਹਮਲਾ ਕਰਨ ਦੇ ਦੋਸ਼ ਲੱਗੇ ਹਨ, ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਇਹਨਾਂ ਦੇ ਖਿਲਾਫ ਕੱਲ੍ਹ ਲਖੀਮਪੁਰ ਖੇੜੀ ਵਿਚ ਤਿੰਨ ਖੇਤੀ ਕਾਨੂੰਨਾਂ ਖਿਲਾਫ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਚਾਰ ਕਿਸਾਨਾਂ ਦਾ ਕਤਲ ਕਰਨ ਦੇ ਦੋਸ਼ ਵਿਚ ਕਾਰਵਾਈ ਹੋਣੀ ਚਾਹੀਦੀ ਹੈ।
ਬਾਦਲ ਨੇ ਸਾਰੇ ਮਾਮਲੇ ਦੀ ਆਜ਼ਾਦ ਤੇ ਨਿਰਪੱਖ ਨਿਆਂਇਕ ਜਾਂਚ ਮੰਗੀ ਅਤੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕੇਂਦਰੀ ਮੰਤਰੀ ਅਜੈ ਮਿਸ਼ਰਾ ਵੱਲੋਂ ਲੋਕਾਂ ਨੂੰ ਕਿਸਾਨਾਂ ਦੇ ਖਿਲਾਫ ਭੜਕਾਉਣ ਲਈ ਅਜਿਹੇ ਭਾਸ਼ਣ ਦਿੱਤੇ ਗਏ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਵੱਖਰੇ ਤੌਰ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਨੇ ਲਖੀਮਪੁਰ ਖੇੜੀ ਪਹੁੰਚਣ ’ਤੇ ਪਾਬੰਦੀਆਂ ਲਾਉਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਕਿਤੇ ਵੀ ਆਉਣ ਜਾਣ ਦੀ ਆਜ਼ਾਦੀ ਹਰ ਨਾਗਰਿਕ ਦਾ ਮੌਲਿਕ ਅਧਿਕਾਰ ਹੈ ਤੇ ਉੱਤਰ ਪ੍ਰਦੇਸ਼ ਸਰਕਾਰ ਇਸ ਤਰੀਕੇ ਸੂਬੇ ਦੇ ਕਿਸੇ ਵੀ ਹਿੱਸੇ ਵਿਚ ਆਉਣ ਜਾਣ ’ਤੇ ਪਾਬੰਦੀ ਨਹੀਂ ਲਗਾ ਸਕਦੀ।
ਅਕਾਲੀ ਦਲ ਦੇ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੁੰ ਅਪੀਲ ਕੀਤੀ ਕਿ ਉਹ ਆਪਣੀ ਹਊਮੇ ’ਤੇ ਹੀ ਨਾ ਅੜੇ ਰਹਿਣ ਅਤੇ ਨਫਰਤ ਭਰੇ ਤਿੰਨ ਖੇਤੀ ਕਾਨੂੰਨ ਤੁਰੰਤ ਖਾਰਜ ਕਰਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪਰਿਵਾਰ ਦੇ ਮੁਖੀ ਵਾਂਗ ਪੇਸ਼ ਆਉਣਾ ਚਾਹੀਦਾ ਹੈ ਕਿ ਤਿੰਨ ਖੇਤੀ ਕਾਨੁੰਨ ਕਿਸਾਨਾਂ ਵੱਲੋਂ ਰੱਦ ਕੀਤੇ ਜਾਣ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜਿਹਾ ਨਾ ਕਰਨ ਕਾਰਨ ਦੇਸ਼ ਵਿਚ ਬੇਚੈਨੀ ਫੈਲ ਰਹੀ ਹੈ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਨੂੰ ਦੇਸ਼ ਦੇ ਕਿਸਾਨਾਂ ਦੀਆਂ ਭਾਵਨਾਵਾਂ ਸਮਝਣੀਆਂ ਚਾਹੀਦੀਆਂ ਹਨ ਅਤੇ ਹੋਰ ਜਾਨਾਂ ਜਾਣ ਤੋਂ ਪਹਿਲਾਂ ਹੀ ਮਸਲਾ ਹੱਲ ਕਰਨਾ ਚਾਹੀਦਾ ਹੈ।