ਬਰਨਾਲਾ : ਬਰਨਾਲਾ ਸ਼ਹਿਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਵੱਡੇ ਅਦਾਰੇ ਦੇ ਮਾਲਕ ਵੱਲੋਂ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਦਾ ਪਤਾ ਚੱਲਿਆ। ਗ੍ਰੇ-ਮੈਟਰ ਆਈਲੈਟਸ ਇੰਸਟੀਚਿਊਟ ਦੇ ਮਾਲਕ ਅਤੇ ਆਈਲੈਟਸ ਮਾਲਵਾ ਜੋਨ ਦੇ ਪ੍ਰਧਾਨ ਭਗਵੰਤ ਰਾਜ ਵਲੋਂ ਸ਼ੱਕੀ ਹਾਲਤਾਂ ਵਿੱਚ ਇਕ ਹੋਟਲ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਬਾਅਦ ਦੁਪਹਿਰ ਢਾਈ ਵਜੇ ਦੇ ਕਰੀਬ ਵਾਪਰੀ ਹੈ।
ਜਾਣਕਾਰੀ ਅਨੁਸਾਰ ਭਗਵੰਤ ਰਾਜ ਦੁਪਹਿਰ ਲਗਭਗ 2:30 ਵਜੇ ਹੋਟਲ ਵਿੱਚ ਆਇਆ ਸੀ। ਉਸਨੇ ਆਪਣੇ ਡਰਾਈਵਰ ਨੂੰ ਮੋਬਾਈਲ ਦਾ ਚਾਰਜਰ ਲੈਣ ਲਈ ਭੇਜ ਦਿੱਤਾ । ਬਾਅਦ ਵਿੱਚ ਕਮਰੇ ਨੂੰ ਬੰਦ ਕਰ ਲਿਆ ਅਤੇ ਆਪਣੀ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ. ਲਖਵੀਰ ਸਿੰਘ ਟਿਵਾਣਾ, ਐੱਸ.ਐੱਚ.ਓ. ਲਖਵਿੰਦਰ ਸਿੰਘ, ਸੀ.ਆਈ.ਏ. ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ ਮੌਕੇ ’ਤੇ ਪੁੱਜ ਗਏ। ਉਨ੍ਹਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਦੂਜੇ ਪਾਸੇ ਇਸ ਘਟਨਾ ਦੀ ਡੁੰਘਾਈ ਨਾਲ ਜਾਂਚ ਕਰਨ ਲਈ ਸੰਗਰੂਰ ਅਤੇ ਪਟਿਆਲਾ ਤੋਂ ਫੌਰੰਸਿਕ ਲੈਬ ਦੀਆਂ ਟੀਮਾਂ ਵੀ ਮੰਗਵਾਈਆਂ ਗਈਆਂ ਤਾਂ ਕਿ ਫਿੰਗਰ ਪ੍ਰਿੰਟ ਹਾਸਲ ਕਰਕੇ ਘਟਨਾ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਸਕੇ।
ਪੱਤਰਕਾਰਾਂ ਨੂੰ ਐੱਸ.ਐੱਚ.ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਭਗਵੰਤ ਰਾਜ ਪਿੰਡ ਰਾਓਕੇ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਸੀ। ਇਸ ਦੇ ਬਰਨਾਲਾ, ਮਾਨਸਾ ਅਤੇ ਬੱਧਣੀ ਕਲਾਂ ਵਿਖੇ ਆਈਲੈਟਸ ਸੈਂਟਰ ਚਲਦੇ ਸਨ। ਉਸਨੇ ਆਪਣੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ ਪਰ ਪੁਲਿਸ ਫਿਰ ਵੀ ਇਸ ਘਟਨਾ ਦੀ ਡੁੰਘਾਈ ਨਾਲ ਜਾਂਚ ਕਰ ਰਹੀ ਹੈ।
ਦੱਸਿਆ ਇਹ ਵੀ ਜਾ ਰਿਹਾ ਹੈ ਕਿ ਭਗਵੰਤ ਰਾਜ ਜੋਤਿਸ਼ ਵਿੱਦਿਆ ਦੇ ਮਾਹਿਰ ਸਨ। ਉਹ ਕਈ ਜ਼ਿਲ੍ਹਿਆਂ ਵਿਚ ਆਈਲੈਟਸ ਸੈਂਟਰ ਚਲਾ ਰਹੇ ਸਨ ।