ਓਨਟਾਰੀਓ: ਬ੍ਰਿਟਿਸ਼ ਕੋਲੰਬੀਆ ਕੋਰੋਨਰ ਸਰਵਿਸ ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਮੁਤਾਬਕ ਇੱਥੇ ਪੜ੍ਹਾਈ ਕਰਨ ਆਏ 15 ਕੌਮਾਂਤਰੀ ਵਿਦਿਆਰਥੀਆਂ ਨੇ ਨੌਕਰੀ ਤੇ ਤੰਗੀਆਂ ਕਾਰਨ ਖੁਦਕੁਸ਼ੀ ਕਰ ਲਈ ਜਿਨ੍ਹਾ ਵਿੱਚ 13 ਲੜਕੇ ਤੇ 2 ਲੜਕੀਆਂ ਸ਼ਾਮਲ ਸਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਕਈ ਵਿਦਿਆਰਥੀਆ ਇੱਥੇ ਨੌਕਰੀ ਸਬੰਧੀ ਜਾਂ ਹੋਰ ਦਬਾਅ ਦੇ ਚਲਦਿਆਂ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ।
ਇਸ ਰਿਪੋਰਟ ਸਬੰਧੀ ਮਾਹਰਾਂ ਵੱਲੋਂ ਇਸ ਰੁਝਾਨ ‘ਚ ਵਾਧੇ ਦਾ ਖਦਸ਼ਾ ਜਤਾਉਂਦਿਆਂ ਸਮਾਜ ਸੇਵੀ ਜਥੇਬੰਦੀਆਂ ਨੂੰ ਆਗਾਹ ਕੀਤਾ ਹੈ ਇਸ ਮੁੱਦੇ ‘ਤੇ ਧਿਆਨ ਦੇਣ। ਇਸ ਦੇ ਨਾਲ ਹੀ ਸਰਕਾਰ ਨੂੰ ਵੀ ਸੁਝਾਅ ਦਿੱਤਾ ਗਿਆ ਹੈ ਕਿ ਉਨ੍ਹਾ ਵੱਲੋਂ ਹਰ ਸਾਲ ਇੱਥੇ ਆ ਕੇ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਮਾਨਸਿਕ ਜਾਂਚ ਕਰਵਾਈ ਜਾਵੇ ਜਿਸ ਨਾਲ ਇਨ੍ਹਾਂ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ। ਕੁਝ ਮਾਹਰਾਂ ਨੇ ਆਖਿਆ ਕਿ ਰਿਪੋਰਟ ਤੋਂ ਬਾਅਦ ਇਸ ਰੁਝਾਨ ਦੇ ਸਥਾਨਕ ਵਿਦਿਆਰਥੀਆਂ ਨੂੰ ਅਪਣੀ ਲਪੇਟ ਵਿਚ ਲੈਣ ਤੋਂ ਪਹਿਲਾਂ ਸਾਰਥਕ ਕਦਮ ਚੁੱਕੇ ਜਾਣੇ ਜ਼ਰੂਰੀ ਹਨ।
ਰਿਪੋਰਟ ਮੁਤਾਬਕ ਵਿਦੇਸ਼ਾਂ ‘ਚੋਂ ਆਏ ਤੇ ਖੁਦਕੁਸ਼ੀਆਂ ਕਰਨ ਵਾਲਿਆਂ ‘ਚੋਂ ਦੋ ਨਾਬਾਲਗ ਤੇ ਬਾਕੀ ਸਾਰੇ 20 ਸਾਲ ਤੋਂ ਘੱਟ ਉਮਰ ਦੇ ਸਨ। ਇਸ ਦਾ ਕਾਰਨ ਇਨ੍ਹਾਂ ‘ਤੇ ਅਪਣੀਆਂ ਫੀਸਾਂ ਪੂਰੀਆਂ ਕਰਨ, ਰਹਿਣ ਦੇ ਖਰਚੇ ਖ਼ਰਚਿਆਂ ਦੇ ਨਾਲ ਨਾਲ ਪਿੱਛੇ ਆਪਣੇ ਮਾਤਾ ਪਿਤਾ ਨੂੰ ਕੁਝ ਭੇਜਣ ਦਾ ਦਬਾਅ ਹੋਣਾ ਹੈ। ਪੜ੍ਹਾਈ ਦੌਰਾਨ ਥੋੜ੍ਹੇ ਘੰਟੇ ਕੰਮ ਕਰਨ ਦੀ ਪਾਬੰਦੀ ਤੇ ਮਾਲਕਾਂ ਵਲੋਂ ਘੱਟ ਉਜਰਤ ਦੇ ਕੇ ਸਖ਼ਤ ਕੰਮ ਕਰਾਉਣ ਅਤੇ ਸ਼ੋਸ਼ਣ ਤੋਂ ਮਜਬੂਰ ਹੋ ਕੇ ਨੌਜਵਾਨ ਖੁਦਕੁਸ਼ੀ ਦੇ ਰਾਹੇ ਪੈਂਦੇ ਹਨ।