ਚੰਡੀਗੜ੍ਹ : ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਜਰਨਲ ਅਸਲਮ ਬੇਗ ਵਲੋਂ ਕਰਤਾਰਪੁਰ ਲਾਂਘੇ ਰਾਹੀਂ ਪੰਜਾਬ ‘ਚ ਅੱਤਵਾਦ ਫੈਲਾਉਣ ਅਤੇ ਖਾਲਿਸਤਾਨੀ ਵਿਚਾਰਧਾਰਾ ਨੂੰ ਸ਼ਹਿ ਦੇਣ ਦਾ ਬਿਆਨ ਦਿੱਤੇ ਜਾਣ ਤੋਂ ਬਾਅਦ ਇਸ ਗੱਲ ਦੀ ਚਾਰੇ ਪਾਸੇ ਨਿੰਦਾ ਹੋਣ ਲੱਗ ਪਈ ਹੈ। ਇਸ ਬਿਆਨ ‘ਤੇ ਟਿੱਪਣੀ ਕਰਦਿਆਂ ਭਾਰਤੀ ਜਨਤਾ ਪਾਰਟੀ ਨੇ ਕਿਹਾ ਹੈ ਕਿ ਖਾਲਿਸਤਾਨ ਕਦੇ ਬਣਨ ਵਾਲਾ ਨਹੀਂ ਹੈ, ਤੇ ਜੋ ਕੋਈ ਇਸ ਦੀ ਗੱਲ ਕਰਦਾ ਹੈ ਉਸ ਦਾ ਦਿਮਾਗ ਖਾਲੀ ਹੈ ਤੇ ਖਾਲਿਸਤਾਨ ਵੀ ਉੱਥੇ ਹੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਵਾਮੀ ਨੇ ਕਿਹਾ ਕਿ ਸਿੱਖ ਕੌਮ ਦੇਸ਼ ਭਗਤ ਕੌਮ ਹੈ ਤੇ ਇਹ ਗੱਲ ਉਨ੍ਹਾਂ ਨੇ ਐਮਰਜੈਂਸੀ ਵੇਲੇ ਸਭ ਤੋਂ ਵੱਧ ਸੰਘਰਸ਼ ਕਰ ਕੇ ਸਾਬਤ ਕੀਤੀ ਹੈ । ਉਨ੍ਹਾਂ ਕਿਹਾ ਕਿ ਇੱਕ ਸੱਚਾ ਸਿੱਖ ਕਦੇ ਵੀ ਖਾਲਿਸਤਾਨ ਦੀ ਗੱਲ ਨਹੀਂ ਕਰਦਾ, ਕਿਉਂਕਿ ਉਹ ਖਾਲਿਸਤਾਨ ਨਹੀਂ ਚਾਹੁੰਦਾ। ਦੱਸ ਦਈਏ ਕਿ ਇਹ ਬਿਆਨ ਭਾਰਤੀ ਜਨਤਾ ਪਾਰਟੀ ਦੇ ਉਸ ਮੈਂਬਰ ਰਾਜ ਸਭਾ, ਸੁਬਰਾਮਨੀਅਮ ਸਵਾਮੀ ਨੇ ਦਿੱਤਾ ਹੈ, ਜਿਹੜੇ ਸਾਕਾ ਨੀਲਾ ਤਾਰਾ ਅਤੇ 1984 ਸਿੱਖ ਨਸਲਕੁਸ਼ੀ ਦੀਆਂ ਘਟਨਾਵਾਂ ਮੌਕੇ ਸਿੱਖ ਕੌਮ ਨੂੰ ਇਨਸਾਫ ਦਵਾਉਣ ਲਈ ਡੱਟ ਕੇ ਖੜ੍ਹੇ ਸਨ ਤੇ ਉਸ ਵੇਲੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਚੰਦਰਸ਼ੇਖਰ ਦਾ ਸਾਥ ਵੀ ਮਿਲਿਆ ਸੀ।