ਨਵੀਂ ਦਿੱਲੀ : ਦਿੱਲੀ ਚੋਣ ਦੰਗਲ ਯਾਨੀ ਕਿ ਵਿਧਾਨ ਸਭਾ ਚੋਣਾਂ ‘ਚ ਬੀਤੀ ਕੱਲ੍ਹ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਹੁਣ ਜੇਕਰ ਦੂਜੀਆਂ ਪਾਰਟੀਆਂ ਦੀ ਗੱਲ ਕਰੀਏ ਤਾਂ ਕੇਂਦਰ ਵਿੱਚ ਸੱਤਾਧਾਰੀ ਭਾਜਪਾ ਨੂੰ ਕੇਵਲ 8 ਸੀਟਾਂ ਹੀ ਆਈਆਂ ਹਨ ਤਾਂ ਕਾਂਗਰਸ ਆਪਣਾ ਖਾਤਾ ਵੀ ਨਹੀਂ ਖੋਲ ਸਕੀ। ਇਸ ਸ਼ਰਮਨਾਕ ਹਾਰ ਦਾ ਜਿੰਮਾ ਜਿੱਥੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਭਾਸ ਚੋਪੜਾ ਨੇ ਬੀਤੀ ਕੱਲ੍ਹ ਆਪਣੇ ਸਿਰ ਲੈ ਲਿਆ ਸੀ ਉੱਥੇ ਹੁਣ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ।
ਦੱਸ ਦਈਏ ਕਿ ਬੀਤੀ ਕੱਲ੍ਹ ਕਾਂਗਰਸ ਦੀ ਬੜੀ ਹੀ ਸ਼ਰਮਨਾਕ ਹਾਰ ਹੋਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ 70 ਸੀਟਾਂ ਵਿੱਚੋਂ ਮਾਤਰ 3 ਸੀਟਾਂ ‘ਤੇ ਹੀ ਆਪਣੀ ਜ਼ਮਾਨਤ ਬਚਾਅ ਸਕੀ ਹੈ ਬਾਕੀ ਸਾਰੀਆਂ ਸੀਟਾਂ ‘ਤੇ ਕਾਂਗਰਸੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਹੁਣ ਜੇਕਰ ਪਿਛਲੀਆਂ 2015 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਉਸ ਸਮੇਂ ਵੀ ਕਾਂਗਰਸ ਪਾਰਟੀ ਨੂੰ ਕਿਸੇ ਵੀ ਸੀਟ ‘ਤੇ ਜਿੱਤ ਨਹੀਂ ਸੀ ਹਾਸਲ ਹੋਈ ।
ਦੱਸਣਯੋਗ ਹੈ ਕਿ ਸੁਭਾਸ਼ ਚੋਪੜਾ ਨੂੰ ਪਿਛਲੇ ਸਾਲ ਅਕਤੂਬਰ ਵਿੱਚ ਦਿੱਲੀ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਹੁਣ ਜੇਕਰ ਉਨ੍ਹਾਂ ਦੇ ਸਿਆਸੀ ਕਾਲ ਦੀ ਗੱਲ ਕਰੀਏ ਤਾਂ ਚੋਪੜਾ ਇਸ ਤੋਂ ਪਹਿਲਾਂ 1998 ਤੋਂ 2003 ਤੱਕ ਦਿੱਲੀ ਕਾਂਗਰਸ ਦੇ ਪ੍ਰਧਾਨ ਰਹੇ ਹਨ ਅਤੇ 1998 ਤੋਂ 2013 ਤੱਕ ਲਗਾਤਾਰ ਤਿੰਨ ਵਾਰ ਵਿਧਾਇਕ ਰਹੇ ਹਨ। ਇਸ ਵਾਰ ਹੋਈ ਹਾਰ ਤੋਂ ਬਾਅਦ ਚੋਪੜਾ ਨੇ ਹੁਣ ਕਾਂਗਰਸ ਪ੍ਰਦੇਸ਼ ਪ੍ਰਧਾਨ ਦੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।