ਮੌਂਟਰੀਅਲ: ਕੈਨੇਡਾ ਦੇ ਸ਼ਹਿਰ ਮੌਂਟਰੀਅਲ ਦੇ ਤਿੰਨ ਕਾਲਜਾਂ ਵਿੱਚ ਪੜਨ ਗਏ ਸੈਂਕੜੇ ਪੰਜਾਬੀ ਤੇ ਭਾਰਤੀ ਵਿਦਿਆਰਥੀਆਂ ਦੇ ਭਵਿੱਖ ਨੂੰ ਖ਼ਤਰੇ ’ਚ ਪਾ ਦਿੱਤਾ ਹੈ। ਵਿਦਿਆਰਥੀਆਂ ਤੋਂ ਕਰੋੜਾਂ ਦੀ ਫੀਸ ਭਰਵਾਂ ਕੇ ਇਨ੍ਹਾਂ ਤਿੰਨ ਕਾਲਜਾਂ ਨੇ ਬੈਂਕ ਦੀਵਾਲੀਆ ਦਿਖਾ ਕੇ ਕਾਲਜਾਂ ਨੂੰ ਜਿੰਦਰਾ ਮਾਰ ਦਿੱਤਾ ਹੈ।
ਕਾਲਜ ਪ੍ਰਬੰਧਕਾਂ ਵਲੋਂ ਇਹ ਫੈਸਲਾ ਉਦੋਂ ਲਿਆ ਜਦੋਂ ਇਨ੍ਹਾਂ ਤਿੰਨ ਕਾਲਜਾਂ ਵਿੱਚ ਪੜਦੇ 1500 ਵਿਦਿਆਰਥੀ ਕਰੋੜਾਂ ਰੁਪਏ ਫੀਸ ਜਮ੍ਹਾਂ ਕਰਾ ਚੁੱਕੇ ਸਨ। ਮਿਲੀ ਜਾਣਕਾਰੀ ਅਨੁਸਾਰ 1500 ਦੇ ਲਗਭਗ ਵਿਦਿਆਰਥੀ, ਜਿਨ੍ਹਾਂ ਨਾਲ ਧੋਖਾ ਹੋਇਆ ਹੈ, ਇਹਨਾਂ ‘ਚ ਕੁਝ ਤਾਂ ਹਾਲੇ ਪਹਿਲੇ ਸਮੈਸਟਰ ਵਿੱਚ ਹੀ ਪੜਾਈ ਕਰ ਰਹੇ ਹਨ। ਬਾਕੀ 70 ਫ਼ੀਸਦੀ ਵਿਦਿਆਰਥੀਆਂ ਦੀ ਪੜਾਈ ਲਗਭਗ ਖ਼ਤਮ ਹੋਣ ਵਾਲੀ ਹੈ ਅਤੇ ਉਹ ਵਰਕ ਪਰਮਿਟ ਲੈ ਕੇ ਪਰਮਾਨੈਂਟ ਰੈਜ਼ੀਡੈਂਸੀ ਲੈਣ ਦੇ ਸੁਪਨੇ ਲੈ ਰਹੇ ਸਨ।
ਜਾਣਕਾਰੀ ਮੁਤਾਬਕ ਵਿਦਿਆਰਥੀਆਂ ਨੇ ਆਪਣੀ ਲੜਾਈ ਲੜਨ ਲਈ ਇੱਕ 13 ਮੈਂਬਰੀ ਕਮੇਟੀ ਬਣਾ ਲਈ ਹੈ। ਇਹ ਕਮੇਟੀ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਮੌਂਟਰੀਅਲ ਯੂਥ ਸਟੂਡੈਂਟ ਆਰਗਨਾਈਜੇਸ਼ਨ ਦੇ ਨਾਂਅ ਹੇਠਾਂ ਆਪਣਾ ਸੰਘਰਸ਼ ਸ਼ੁਰੂ ਕਰੇਗੀ।
ਇੱਕ ਜਾਣਕਾਰੀ ਅਨੁਸਾਰ ਪਿਛਲੇ ਸਾਲ 67 ਹਜ਼ਾਰ ਵਿਦਿਆਰਥੀ ਕੈਨੇਡਾ ਪੜਨ ਲਈ ਗਏ ਸਨ ਅਤੇ ਇਹ ਗਿਣਤੀ 2020 ਨਾਲੋਂ 20 ਫ਼ੀਸਦੀ ਵੱਧ ਹੈ। ਅੰਕੜੇ ਦੱਸਦੇ ਹਨ ਕਿ 2018-19 ਤੱਕ ਕੈਨੇਡਾ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੀ ਗਿਣਤੀ 1,67,582 ਸੀ, ਜਿਹੜੀ ਕਿ ਪਿਛਲੇ ਸਾਲ ਦੇ ਅੰਤ ਤੱਕ ਵੱਧ ਕੇ 2,19,855 ਹੋ ਗਈ ਹੈ।