ਬਠਿੰਡਾ: ਜ਼ਿਲ੍ਹੇ ਦੀ ਪੁਲਿਸ ਵੱਲੋਂ ਦੇਰ ਰਾਤ ਇਕ ਵੱਡੀ ਕਾਰਵਾਈ ਕੀਤੀ ਗਈ, ਜਿਸ ਤਹਿਤ ਐਸਟੀਐਫ ਨੇ ਡੀਐਸਪੀ ਗੁਰਸ਼ਰਨ ਸਿੰਘ ਨੂੰ ਹਿਰਾਸਤ ਵਿੱਚ ਲਿਆ ਹੈ। ਇਹ ਕਾਰਵਾਈ ਬਠਿੰਡਾ ਪੁਲਿਸ ਥਾਣਾ ਸਿਵਲ ਲਾਈਨ ਵਲੋਂ ਇੱਕ ਮਹਿਲਾ ਦੀ ਸ਼ਿਕਾਇਤ ‘ਤੇ ਕੀਤੀ ਗਈ। ਡੀਐਸਪੀ ਗੁਰਸ਼ਰਨ ਸਿੰਘ ਬਠਿੰਡਾ ਦੇ ਇੱਕ ਹੋਟਲ ਦੇ ਕਮਰੇ ‘ਚ ਰੁਕਿਆ ਹੋਇਆ ਸੀ। ਜਿਸ ਦੌਰਾਨ ਪੁਲੀਸ ਨੇ ਦੇਰ ਰਾਤ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਹੈ।
ਇਕ ਮਹਿਲਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਡੀਐੱਸਪੀ ਗੁਰਸ਼ਰਨ ਸਿੰਘ ਨੇ ਉਸਦੇ ਪਤੀ, ਜੋ ਪੰਜਾਬ ਪੁਲਿਸ ਵਿੱਚ ਏਐਸਆਈ ਵਜੋਂ ਤਾਇਨਾਤ ਹੈ। ਉਸ ਦੇ ਖ਼ਿਲਾਫ਼ ਚਿੱਟੇ ਦਾ ਝੂਠਾ ਪਰਚਾ ਦਰਜ ਕੀਤਾ ਸੀ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਮਹਿਲਾ ‘ਤੇ ਵੀ ਅਤੇ ਉਸ ਦੇ ਪੁੱਤਰ ਖਿਲਾਫ ਵੀ ਚਿੱਟੇ ਦਾ ਪਰਚਾ ਦਰਜ ਕੀਤਾ ਹੋਇਆ ਹੈ। ਮਹਿਲਾ ਦੇ ਕਹਿਣ ਮੁਤਾਬਕ ਉਸ ਦੇ ਪਤੀ ਨੂੰ ਪੁਲਿਸ ਨੇ ਡਿਸਮਿਸ ਕਰ ਦਿੱਤਾ ਹੈ।
ਮਹਿਲਾ ਨੇ ਇਲਜ਼ਾਮ ਲਗਾਏ ਹਨ ਕਿ ਪਤੀ ‘ਤੇ ਝੂਠਾ ਪਰਚਾ ਕੀਤੇ ਜਾਣ ਤੋਂ ਬਾਅਦ ਡੀਐਸਪੀ ਗੁਰਸ਼ਰਨ ਸਿੰਘ ਉਸ ਨਾਲ ਜ਼ਬਰਦਸਤੀ ਨਾਜਾਇਜ਼ ਸਬੰਧ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਨੇ ਮਹਿਲਾ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਕਾਰਵਾਈ ਕਰਦੇ ਹੋਏ ਡੀਐਸਪੀ ਗੁਰਸ਼ਰਨ ਸਿੰਘ ਨੂੰ ਹਿਰਾਸਤ ‘ਚ ਲੈ ਲਿਆ ਹੈ।