ਮਾਨਸਾ: ਮਾਨਸਾ ਵਿੱਚ ਸਟੇਟ ਲੈਵਲ ਦੀ ਇੱਕ ਮਹਿਲਾ ਭਲਵਾਨ ਨੇ ਨਸ਼ੇ ਦੀ ਲਤ ਕਾਰਨ ਆਪਣੇ 5 ਮਹੀਨੇ ਦੇ ਬੱਚੇ ਨੂੰ ਵੇਚ ਦਿੱਤਾ। ਉਸ ਨੇ ਬੱਚਾ ਉਨ੍ਹਾਂ ਹੀ ਲੋਕਾਂ ਨੂੰ ਵੇਚਿਆ ਜਿਨ੍ਹਾਂ ਤੋਂ ਉਹ ਅਤੇ ਉਸ ਦਾ ਪਤੀ ਨਸ਼ਾ ਖਰੀਦਦੇ ਸਨ। ਮੁਲਜ਼ਮ ਜੋੜਾ ਗੁਰਮਨ ਕੌਰ ਤੇ ਸੰਦੀਪ ਸਿੰਘ ਪਹਿਲਾਂ ਹਰਿਆਣੇ ਦੇ ਫਤਿਹਾਬਾਦ ਜ਼ਿਲ੍ਹੇ ਦੇ ਰਤੀਆ ਵਿੱਚ ਰਹਿੰਦੇ ਸਨ। ਉੱਥੇ ਉਨ੍ਹਾਂ ਨੇ 5 ਲੱਖ ਵਿੱਚ ਸੌਦਾ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਏ।
ਫਿਰ ਦੋਵੇਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਅਕਬਰਪੁਰ ਕੁਦਾਲ ਪਿੰਡ ਰਹਿਣ ਲੱਗੇ। ਇੱਥੇ ਇੱਕ ਮਹੀਨਾ ਪਹਿਲਾਂ ਆਪਣੇ ਬੱਚੇ ਨੂੰ 1.80 ਲੱਖ ਰੁਪਏ ਵਿੱਚ ਬੁਢਲਾਡਾ ਦੇ ਸੰਜੂ ਤੇ ਉਸ ਦੀ ਪਤਨੀ ਆਰਤੀ ਨੂੰ ਵੇਚ ਦਿੱਤਾ।
ਮਹਿਲਾ ਭਲਵਾਨ ਦੀ ਭੈਣ ਰਿਤੂ ਨੇ ਦੱਸਿਆ ਕਿ ਸੰਦੀਪ ਨੇ ਹੀ ਗੁਰਮਨ ਨੂੰ ਨਸ਼ੇ ਦੇ ਦਲਦਲ ਵਿੱਚ ਧੱਕਿਆ। ਬੱਚਾ ਵੇਚ ਕੇ ਮਿਲੇ ਲੱਗਭਗ ਪੌਣੇ ਦੋ ਲੱਖ ਰੁਪਏ ਵੀ ਨਸ਼ੇ ਵਿੱਚ ਉਡਾ ਦਿੱਤੇ।
ਬਾਅਦ ਵਿੱਚ ਜਦੋਂ ਗੁਰਮਨ ਨੂੰ ਹੋਸ਼ ਆਈ ਤਾਂ ਉਸ ਨੇ ਥਾਣੇ ਵਿੱਚ ਸ਼ਿਕਾਇਤ ਕਰਕੇ ਬੱਚਾ ਵਾਪਸ ਦਵਾਉਣ ਦੀ ਗੁਹਾਰ ਲਗਾਈ। ਹਾਲਾਂਕਿ ਪੁਲਿਸ ਨੇ ਬੱਚਾ ਵੇਚਣ ਤੇ ਖਰੀਦਣ ਵਾਲਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜਿਸ ਪਰਿਵਾਰ ਨੇ ਬੱਚਾ ਖਰੀਦਿਆ ਸੀ, ਹੁਣ ਉਹ ਕਹਿ ਰਿਹਾ ਹੈ ਕਿ ਉਨ੍ਹਾਂ ਨੇ ਬੱਚੇ ਨੂੰ ਪਾਲਣ ਲਈ ਗੋਦ ਲਿਆ ਸੀ, ਖਰੀਦਿਆ ਨਹੀਂ।
ਗੁਰਮਨ ਕੌਰ ਦੀ ਭੈਣ ਰਿਤੂ ਨੇ ਦੱਸਿਆ ਕਿ ਗੁਰਮਨ 10ਵੀਂ ਜਮਾਤ ਵਿੱਚ ਸੀ ਤੇ ਸਕੂਲ ਤੋਂ ਸਟੇਟ ਲੈਵਲ ਤੱਕ ਕੁਸ਼ਤੀ ਵਿੱਚ ਕਈ ਮੈਡਲ ਜਿੱਤ ਚੁੱਕੀ ਸੀ। ਪ੍ਰੀਖਿਆਵਾਂ ਤੋਂ ਪਹਿਲਾਂ ਇੰਸਟਾਗ੍ਰਾਮ ’ਤੇ ਪਿਆਰ ਹੋਇਆ। ਮਾਰਚ 2024 ਵਿੱਚ ਮਾਨਸਾ ਦਾ ਸੰਦੀਪ ਸਿੰਘ ਦੋਸਤਾਂ ਨਾਲ ਕਾਰ ’ਤੇ ਆਇਆ ਤੇ ਉਸ ਨੂੰ ਭਜਾ ਲੈ ਗਿਆ। ਭੱਜਣ ਸਮੇਂ ਉਹ 18 ਸਾਲ ਦੀ ਵੀ ਨਹੀਂ ਸੀ। ਇਸ ਲਈ ਦੋ ਮਹੀਨੇ ਬਾਅਦ ਮਈ 2024 ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ। ਇਸ ਕਾਰਨ ਉਹ 10ਵੀਂ ਦੀ ਪ੍ਰੀਖਿਆ ਵੀ ਨਹੀਂ ਦੇ ਸਕੀ।
ਇੰਸਟਾਗ੍ਰਾਮ ’ਤੇ ਵੱਡਾ ਘਰ ਤੇ ਕਾਰ ਵਿਖਾ ਕੇ ਲਲਚਾਇਆ:
ਰਿਤੂ ਨੇ ਕਿਹਾ ਕਿ ਸੰਦੀਪ ਨੇ ਗੁਰਮਨ ਨੂੰ ਆਪਣੇ ਘਰ, ਜ਼ਮੀਨ-ਜਾਇਦਾਦ ਤੇ ਕਾਰ ਦੇ ਵੀਡੀਓ ਭੇਜ ਕੇ ਲਲਚਾਇਆ ਕਿ ਉਹ ਖੁਸ਼ ਰੱਖੇਗਾ। ਵਿਆਹ ਹੁੰਦਿਆਂ ਹੀ ਉਸ ਨੇ ਗੁਰਮਨ ਨੂੰ ਚਿੱਟੇ ਦਾ ਨਸ਼ਾ ਕਰਵਾਉਣਾ ਸ਼ੁਰੂ ਕਰ ਦਿੱਤਾ। ਦੋ ਮਹੀਨਿਆਂ ਵਿੱਚ ਹੀ ਉਹ ਨਸ਼ੇ ਦੀ ਆਦੀ ਹੋ ਗਈ।
ਰਿਤੂ ਨੇ ਦੱਸਿਆ ਕਿ ਵਿਆਹ ਦੇ ਪੰਜਵੇਂ ਮਹੀਨੇ ਗੁਰਮਨ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੈ। ਡਾਕਟਰਾਂ ਨੇ ਕਿਹਾ ਕਿ ਨਸ਼ਾ ਕੀਤਾ ਤਾਂ ਬੱਚਾ ਖਰਾਬ ਹੋ ਜਾਵੇਗਾ। ਅਸੀਂ ਉਸ ਨੂੰ ਪੇਕੇ ਲਿਆਏ ਤੇ ਇਲਾਜ ਕਰਵਾਇਆ। ਉਸ ਨੇ ਨਸ਼ਾ ਛੱਡ ਦਿੱਤਾ ਸੀ, ਪਰ ਬੱਚਾ ਪੈਦਾ ਹੋਣ ਦੇ 27 ਦਿਨ ਬਾਅਦ ਹੀ ਪਤੀ ਨੇ ਫਿਰ ਨਸ਼ਾ ਕਰਵਾਉਣਾ ਸ਼ੁਰੂ ਕਰ ਦਿੱਤਾ।
ਜਿਸ ਤੋਂ ਨਸ਼ਾ ਖਰੀਦਦੇ ਸਨ, ਉਸੇ ਨੂੰ ਵੇਚ ਦਿੱਤਾ ਬੱਚ
ਰਿਤੂ ਮੁਤਾਬਕ ਜਿਸ ਤੋਂ ਗੁਰਮਨ ਤੇ ਸੰਦੀਪ ਨਸ਼ਾ ਲੈਂਦੇ ਸਨ, ਉਸ ਪਰਿਵਾਰ ਦਾ ਕੋਈ ਪੁੱਤਰ ਨਹੀਂ ਸੀ। ਉਨ੍ਹਾਂ ਦੀ ਨਜ਼ਰ ਬੱਚੇ ’ਤੇ ਸੀ। ਕਈ ਵਾਰ ਉਨ੍ਹਾਂ ਨੇ ਕਿਹਾ ਤੁਸੀਂ ਨਸ਼ਾ ਕਰਦੇ ਹੋ, ਬੱਚਾ ਪਾਲਣਾ ਤੁਹਾਡੇ ਵੱਸ ਦਾ ਨਹੀਂ, ਸਾਨੂੰ ਦੇ ਦਿਓ, ਪੈਸੇ ਦੇ ਦਿਆਂਗੇ। ਪਹਿਲਾਂ ਤਾਂ ਨਹੀਂ ਮੰਨੇ, ਪਰ ਪੈਸੇ ਖਤਮ ਹੋਣ ’ਤੇ ਬੱਚਾ ਵੇਚ ਦਿੱਤਾ।
ਪੁਲਿਸ ਦਾ ਕੀ ਕਹਿਣਾ?
ਬੁਢਲਾਡਾ ਦੇ ਡੀਐਸਪੀ ਸਿਕੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਬੱਚੇ ਨੂੰ ਵੇਚਿਆ ਗਿਆ ਸੀ, ਪਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡੀਐਸਪੀ ਨੇ ਇਹ ਵੀ ਕਿਹਾ ਕਿ ਬੱਚੇ ਦੇ ਮਾਪੇ ਨਸ਼ੇੜੀ ਹਨ ਅਤੇ ਪੁਲਿਸ ਨੇ ਪਹਿਲਾਂ ਉਨ੍ਹਾਂ ਦਾ ਇਲਾਜ ਕਰਵਾਇਆ ਹੈ।
ਡੀਐਸਪੀ ਦੇ ਅਨੁਸਾਰ, ਪਰਿਵਾਰ ਨੇ ਬੱਚੇ ਨੂੰ ਕਿਸੇ ਹੋਰ ਪਰਿਵਾਰ ਨੂੰ ਗੋਦ ਲੈਣ ਲਈ ਦੇ ਦਿੱਤਾ, ਜਿਸਦੀ ਲਿਖਤੀ ਸਹਿਮਤੀ ਗੋਦ ਲੈਣ ਵਾਲੇ ਪਰਿਵਾਰ ਕੋਲ ਹੈ। ਉਨ੍ਹਾਂ ਕਿਹਾ ਕਿ ਬੱਚਾ ਪਹਿਲਾਂ ਬਿਮਾਰ ਸੀ ਅਤੇ ਗੋਦ ਲੈਣ ਵਾਲੇ ਪਰਿਵਾਰ ਨੇ ਉਸਦਾ ਇਲਾਜ ਕਰਵਾਇਆ ਸੀ। ਪੁਲਿਸ ਇਸ ਸਮੇਂ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

