ਵੈਨਕੂਵਰ: ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਮੱਦੇਨਜ਼ਰ ਰੱਖਦੇ ਹੋਏ ਓਨਟਾਰੀਓ ਤੋਂ ਬਾਅਦ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਅਤੇ ਐਲਬਰਟਾ ਸੂਬੇ ਵਿੱਚ ਵੀ ਹੈਲਥ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਬੀ.ਸੀ. ‘ਚ ਇਸ ਦਾ ਐਲਾਨ ਸੂਬਾਈ ਸਿਹਤ ਅਧਿਕਾਰੀ ਡਾ. ਬੌਨੀ ਹੈਨਰੀ ਨੇ ਕੀਤਾ।
ਹੈਲਥ ਐਮਰਜੈਂਸੀ ਦਾ ਐਲਾਨ ਕਰਦੇ ਹੋਏ ਡਾ. ਬੈਨੀ ਹੈਨਰੀ ਨੇ ਕਿਹਾ ਕਿ ਕਿਤੇ ਵੀ 50 ਤੋਂ ਵੱਧ ਲੋਕ ਇਕੱਠੇ ਨਹੀਂ ਹੋਣੇ ਚਾਹੀਦੇ। ਸਰਕਾਰ ਸੂਬਾ ਵਾਸੀਆਂ ਦੀ ਸਿਹਤ ਨੂੰ ਲੈ ਕੇ ਕਾਫ਼ੀ ਪਰੇਸ਼ਾਨ ਹੈ। ਇਸ ਲਈ ਇਹ ਕਦਮ ਚੁੱਕੇ ਗਏ ਹਨ। ਸਿਹਤ ਮੰਤਰੀ ਐਡਰਿਨ ਡਿਕਸ ਅਤੇ ਸਿਹਤ ਅਧਿਕਾਰੀ ਹੈਨਰੀ ਨੇ ਕਿਹਾ ਕਿ ਹਾਲ ਹੀ ਵਿੱਚ ਜਿਨ੍ਹਾਂ ਤਿੰਨ ਹੋਰ ਲੋਕਾਂ ਦਾ ਕੋਵਿਡ-19 ਟੈਸਟ ਪਾਜ਼ਿਟਿਵ ਆਇਆ ਸੀ, ਉਨਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਕਰੋਨਾ ਵਾਇਰਸ ਦੇ 83 ਹੋਰ ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਸ ਨਾਲ ਸੂਬੇ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ 186 ਹੋ ਗਈ ਹੈ।
ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੁੱਲ ਕੇਸਾਂ ਵਿੱਚੋਂ 116 ਕੇਸ ਵੈਨਕੁਵਰ ਕੌਸਟਲ ਤੋਂ, 47 ਫਰੇਜ਼ਰ, 12 ਵੈਨਕੁਵਰ ਆਈਲੈਂਡ , 7 ਇੰਟੀਰੀਅਰ ਅਤੇ 4 ਨੌਰਦਰਨ ਹੈਲਥ ਰੀਜਨਸ ਵਿੱਚ ਹਨ। ਇਸ ਤੋਂ ਇਲਾਵਾ ਐਲਬਰਟਾ ਸੂਬੇ ਵਿੱਚ ਹੈਲਥ ਐਮਰਜੈਂਸੀ ਦਾ ਐਲਾਨ ਕਰਦੇ ਹੋਏ ਪ੍ਰੀਮੀਅਰ ਜੈਸਨ ਕੈਨੀ ਨੇ ਕਿਹਾ ਕਿ ਐਮਰਜੈਂਸੀ ਮੈਨੇਜਮੈਂਟ ਕਮੇਟੀ ਨਾਲ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।