ਸ੍ਰੀ ਮੁਕਤਸਰ ਸਾਹਿਬ: ਮੁਕਤਸਰ ‘ਚ ਬਜ਼ੁਰਗ ਮਾਤਾ ਮਹਿੰਦਰ ਕੌਰ ਦੀ ਮੌਤ ‘ਤੇ ਲੋਕਾਂ ਵੱਲੋਂ ਉਸ ਦੇ ਪੁੱਤਰਾਂ ਅਤੇ ਪੋਤਿਆਂ ਖਿਲਾਫ ਰੋਸ ਦੇਖਣ ਨੂੰ ਮਿਲਿਆ। ਦਰਅਸਲ ਮੁਕਤਸਰ ਦੀ ਬਜ਼ੁਰਗ ਮਾਤਾ ਮਹਿੰਦਰ ਕੌਰ ਲਾਵਾਰਿਸ ਹਾਲਤ ਵਿੱਚ ਸੜਕ ਕੰਢੇ ਪਈ ਮਿਲੀ ਸੀ ਜਿਸ ਦੇ ਸਿਰ ਵਿੱਚ ਕੀੜੇ ਪਏ ਹੋਏ ਸਨ ਤੇ ਹਸਪਤਾਲ ‘ਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ।
ਹੁਣ ਇਸ ਮਾਮਲੇ ਵਿੱਚ ਲੋਕਾਂ ਵੱਲੋਂ ਪਰਿਵਾਰ ਤੇ ਇਲਜ਼ਾਮ ਲਗਾਏ ਗਏ ਹਨ ਕਿ ਇਨ੍ਹਾਂ ਨੇ ਆਪਣੇ ਬਜ਼ੁਰਗ ਦੀ ਦੇਖ ਭਾਲ ਨਹੀਂ ਕੀਤੀ ਅਤੇ ਲਾਵਾਰਿਸ ਹਾਲਤ ਵਿੱਚ ਛੱਡਿਆ।
ਜਿਸ ਤੋਂ ਬਾਅਦ ਹੁਣ ਲੋਕਾਂ ਨੇ ਬਜ਼ੁਰਗ ਮਹਿਲਾ ਦੇ ਪੁੱਤਰਾਂ ਨੂੰ ਲਾਹਨਤ ਐਵਾਰਡ ਦੇਣ ਦਾ ਫੈਸਲਾ ਕੀਤਾ। ਗਿੱਦੜਬਾਹਾ ਦੀਆਂ ਸਮੂਹ ਇਨਸਾਫ਼ ਪਸੰਦ ਜਥੇਬੰਦੀਆਂ ਵੱਲੋਂ ਐਸਡੀਐਮ ਓਮ ਪ੍ਰਕਾਸ਼ ਨੂੰ ਇੱਕ ਮੰਗ ਪੱਤਰ ਅਤੇ ਇੱਕ ਲਾਹਨਤੀ ਅਵਾਰਡ ਉਸ ਪਰਿਵਾਰ ਨੂੰ ਦੇਣ ਵਾਸਤੇ ਸੌਂਪਿਆ ਗਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਕੀਤੀ ਹੈ ਕਿ ਪਰਿਵਾਰ ਦੇ ਮੈਂਬਰਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਨ੍ਹਾਂ ਨੇ ਬਜ਼ੁਰਗ ਨੂੰ ਸਤਿਕਾਰ ਦੇਣ ਦੀ ਜਗ੍ਹਾ ਘਰੋਂ ਬਾਹਰ ਦਾ ਰਸਤਾ ਦਿਖਾਇਆ ਸੀ।