ਕ੍ਰਿਕਟਰ ਹਰਲੀਨ ਦਿਓਲ ਅਤੇ ਜੂਨੀਅਰ ਵਿਸ਼ਵ ਕੱਪ ਮੈਡਲ ਜੇਤੂ ਨਿਸ਼ਾਨੇਬਾਜ਼ਾਂ ਨਾਲ ਖੇਡ ਮੰਤਰੀ ਮੀਤ ਹੇਅਰ ਨੇ ਕੀਤੀ ਮੁਲਾਕਾਤ

Rajneet Kaur
2 Min Read

ਚੰਡੀਗੜ੍ਹ: ਭਾਰਤੀ ਕ੍ਰਿਕਟਰ ਹਰਲੀਨ ਦਿਓਲ ਅਤੇ ਜੂਨੀਅਰ ਵਿਸ਼ਵ ਕੱਪ ਵਿਚ ਤਮਗ਼ਾ ਜਿੱਤ ਕੇ ਆਏ ਨਿਸ਼ਾਨੇਬਾਜ਼ਾਂ ਨਾਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਆਪਣੀ ਰਿਹਾਇਸ਼ ਵਿਖੇ  ਮੁਲਾਕਾਤ ਕੀਤੀ ਗਈ। ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਬੱਲੇਬਾਜ਼ ਅਤੇ ਦੁਨੀਆਂ ਦੀਆਂ ਚੋਟੀ ਦੀਆਂ ਫੀਲਡਰਾਂ ਵਿਚੋਂ ਇਕ ਹਰਲੀਨ ਦਿਓਲ ਨੂੰ ਆਗਾਮੀ ਬੰਗਲਾਦੇਸ਼ ਦੌਰੇ ਲਈ ਸ਼ੁਭਕਾਮਨਾਵਾਂ ਦਿੰਦਿਆਂ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਪੁਰਸ਼ ਕ੍ਰਿਕਟ ਵਾਂਗ ਹੁਣ ਮਹਿਲਾ ਕ੍ਰਿਕਟ ਵਿਚ ਪੰਜਾਬ ਵੱਡੇ ਪੱਧਰ ਉਤੇ ਸਾਹਮਣੇ ਆ ਰਿਹਾ ਹੈ।

ਹਰਲੀਨ ਦਿਓਲ ਤੇ ਕਪਤਾਨ ਹਰਮਨਪ੍ਰੀਤ ਕੌਰ ਨੇ ਪੰਜਾਬ ਦੇ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਭਾਰਤੀ ਕ੍ਰਿਕਟਰ ਕੋਲੋਂ ਸਕੂਲੀ ਪੱਧਰ ਤੋਂ ਹੀ ਖੇਡਾਂ ਵਿਚ ਦਿਲਚਸਪੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਹਰਲੀਨ ਦਿਓਲ ਵੱਲੋਂ ਖੇਡ ਮੰਤਰੀ ਨੂੰ ਕ੍ਰਿਕਟ ਬੱਲਾ ਵੀ ਭੇਂਟ ਕੀਤਾ ਗਿਆ। ਮੀਤ ਹੇਅਰ ਨੇ ਹਾਲ ਹੀ ਵਿਚ ਜਰਮਨੀ ਵਿਖੇ ਹੋਏ ਨਿਸ਼ਾਨੇਬਾਜ਼ੀ ਦੇ ਜੂਨੀਅਰ ਵਿਸ਼ਵ ਕੱਪ ਵਿਚ ਤਮਗ਼ੇ ਜਿੱਤ ਕੇ ਆਏ ਪੰਜਾਬ ਦੇ ਤਿੰਨ ਨਿਸ਼ਾਨੇਬਾਜ਼ ਨੂੰ ਵੀ ਮਿਲ ਕੇ ਵਧਾਈ ਦਿਤੀ।

ਇਹ ਨਿਸ਼ਾਨੇਬਾਜ਼ ਸਪੋਰਟਸ ਪਿਸਟਲ ਵਿਚ ਸੋਨ ਤਮਗ਼ਾ ਜਿੱਤਣ ਵਾਲੇ ਅਮਨਪ੍ਰੀਤ ਸਿੰਘ, ਸਪੋਰਟਸ ਪਿਸਟਲ ਮਹਿਲਾ ਟੀਮ ਵਿਚ ਸੋਨ ਤਮਗ਼ਾ ਜਿੱਤਣ ਵਾਲੀ ਸਿਮਰਨਪ੍ਰੀਤ ਕੌਰ ਬਰਾੜ ਤੇ ਰੈਪਿਡ ਫਾਇਰ ਪਿਸਟਲ ਟੀਮ ਵਿਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਰਾਜਕੰਵਰ ਸੰਧੂ ਸਨ। ਉਨ੍ਹਾਂ ਨਾਲ ਭਾਰਤੀ ਜੂਨੀਅਰ ਨਿਸ਼ਾਨੇਬਾਜ਼ੀ ਟੀਮ ਦੇ ਕੋਚ ਅੰਕੁਸ਼ ਭਾਰਦਵਾਜ ਵੀ ਨਾਲ ਸਨ। ਖੇਡ ਮੰਤਰੀ ਨੇ ਜੇਤੂ ਨਿਸ਼ਾਨੇਬਾਜ਼ਾਂ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਵੀ ਦਿਤੀਆਂ।

 

Share This Article
Leave a Comment