ਧੰਨੁ ਧੰਨੁ ਜਨੁ ਆਇਆ॥ ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ॥
ਪੂਰਨ ਬ੍ਰਹਮਗਿਆਨੀ, ਰੱਬੀ ਨੂਰ, ਸੇਵਾ ਦੀ ਮੂਰਤ, ਧੰਨ ਬਾਬਾ ਬੁੱਢਾ ਜੀ ਜਿਨ੍ਹਾਂ ਨੂੰ 8 ਪਾਤਸ਼ਾਹੀਆਂ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਆਪ ਜੀ ਦੀ ਸੇਵਾ ਦਾ ਹੀ ਫਲ ਸੀ ਕਿ ਪੰਜ ਪਾਤਸ਼ਾਹੀਆਂ ਦੇ ਗੁਰਿਆਈ ਤਿਲਕ ਦੀ ਸੇਵਾ ਆਪ ਜੀ ਦੇ ਹਿੱਸੇ ਆਈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਆਪ ਜੀ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ “ਤੇਥੋਂ ਓਹਲੇ ਨਹ ਹੋਸਾਂ” ਦਾ ਵਰ ਦਿੱਤਾ ਗਿਆ ਸੀ। ਆਪ ਜੀ ਨੂੰ ਗੁਰੂ ਸਾਹਿਬ ਜੀ ਨੇ ਅਥਾਹ ਪਿਆਰ ਸਤਿਕਾਰ ਦਿੱਤਾ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਬਾਬਾ ਬੁੱਢਾ ਜੀ ਨੂੰ ਵਡਿਆਉਂਦਿਆਂ ਲਿਖਦੇ ਹਨ ਕਿ “ਤਿਨ ਕਉ ਕਿਆ ਉਪਦੇਸੀਐ ਜਿਨ ਗੁਰੂ ਨਾਨਕ ਦੇਓ”। ਆਪ ਜੀ ਦੀ ਸੇਵਾ ਦਾ ਹੀ ਫਲ ਸੀ ਕਿ ਸ੍ਰੀ ਗੁਰੂ ਅਮਰਦਾਸ ਜੀ ਨੇ ਆਪ ਜੀ ਦੀ ਸੇਵਾ ਨੂੰ ਅਨਹਦ ਦੱਸਿਆ। ਆਪ ਜੀ ਹਮੇਸ਼ਾ ਹੀ ਸਤਿਗੁਰੂ ਜੀ ਦੀ ਅਰਾਧਨਾ ‘ਚ ਲੀਨ ਰਹਿੰਦੇ । ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਸੋਢੀ ਸੁਲਤਾਨ ਜੀ ਜਦੋਂ ਗੁਰਤਾਗੱਦੀ ‘ਤੇ ਬਿਰਾਜਮਾਨ ਹੁੰਦੇ ਹਨ ਤਾਂ ਉਨ੍ਹਾਂ ਇਸ ਤੋਂ ਪਹਿਲਾਂ ਗੁਰਿਆਈ ਦੀ ਮਰਯਾਦਾ ਬਾਬਾ ਬੁੱਢਾ ਜੀ ਪਾਸੋਂ ਹੀ ਸਮਝੀ ਸੀ।
ਐਸੇ ਰੱਬੀ ਨੂਰ ਧੰਨ ਬਾਬਾ ਬੁੱਢਾ ਜੀ ਨੇ 1506 ਈ. ਵਿੱਚ ਪਿਤਾ ਬਾਬਾ ਸੁੱਘਾ ਜੀ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖ ਨੂੰ ਭਾਗ ਲਾਏ ਅਤੇ ਕੱਥੂਨੰਗਲ ਦੀ ਧਰਤੀ ‘ਤੇ ਜਨਮ ਲਿਆ। ਪਿਤਾ ਸੁੱਘਾ ਜੀ ਅਤੇ ਮਾਤਾ ਗੌਰਾਂ ਜੀ ਆਪ ਜੀ ਬੜੇ ਹੀ ਭਗਤੀ ਭਾਵ ਦੇ ਮਾਲਕ ਸਨ। ਜਿਸ ਦਾ ਅਸਰ ਬਾਬਾ ਬੁੱਢਾ ਜੀ ਦੇ ਜੀਵਨ ‘ਤੇ ਗਹਿਰਾ ਪਿਆ,। ਬਾਬਾ ਸੁੱਘਾ ਜੀ ਉਨ੍ਹਾਂ ਵੇਲਿਆਂ ‘ਚ 22 ਪਿੰਡਾਂ ਦੇ ਮਾਲਕ ਸਨ। ਆਪ ਜੀ ਨੇ ਬਾਬਾ ਬੁੱਢਾ ਜੀ ਦਾ ਨਾਮ ਬੂੜਾ ਰੱਖਿਆ। ਆਪ ਜੀ ਦਾ ਪਰਿਵਾਰ ਜਨਮ ਤੋਂ ਬਾਅਦ ਕੁਝ ਸਮਾਂ ਕੱਥੂਨੰਗਲ ਰਿਹਾ ਉਸ ਤੋਂ ਕੁਝ ਸਮਾਂ ਬਾਅਦ ਆਪ ਰਾਮਦਾਸ ਪਿੰਡ ਆ ਗਏ। ਬਾਬਾ ਬੁੱਢਾ ਜੀ ਸੇਵਾ ਭਾਵਨਾ ਵਾਲੇ ਸਨ । ਆਪ ਹਮੇਸ਼ਾ ਕਿਰਤ ਕਰਦਿਆਂ ਪ੍ਰਮਾਤਮਾਂ ਦੀ ਅਰਾਧਨਾ ‘ਚ ਰਹਿੰਦੇ। ਇੱਕ ਦਿਨ ਜਦੋਂ ਬਾਬਾ ਬੁੱਢਾ ਜੀ ਮੱਝਾਂ ਚਾਰ ਰਹੇ ਸਨ ਤਾਂ ਇਸ ਪਾਸਿਓਂ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਲੰਘੇ ਜਾ ਰਹੇ ਸਨ। ਬਾਬਾ ਬੁੱਢਾ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਦੁੱਧ ਦਾ ਗੜਵਾ ਗੁਰੂ ਜੀ ਨੂੰ ਭੇਟ ਕੀਤਾ। ਇਸ ਮੌਕੇ ਬਾਬਾ ਬੁੱਢਾ ਜੀ ਸਤਿਗੁਰੂ ਜੀ ਦੇ ਪਾਸ ਹੀ ਬੈਠ ਗਏ। ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਵਾਲ ਕਰਦਿਆਂ ਕਿਹਾ ਕਿ ਬਾਬਾ ਜੀ ਕੋਈ ਅਜਿਹਾ ਮਾਰਗ ਸੁਝਾਓ ਕਿ ਮਨ ਸ਼ਾਂਤ ਹੋ ਜਾਵੇ। ਇਹ ਕਥਨ ਸੁਣ ‘ਕੇ ਸਤਿਗੁਰੂ ਜੀ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਕਿਹਾ ਕਿ ਭਾਈ ਤੇਰਾ ਨਾਮ ਕੀ ਹੈ। ਤਾਂ ਬਾਬਾ ਬੁੱਢਾ ਜੀ ਨੇ ਕਿਹਾ ਕਿ ਬੂੜਾ। ਇਹ ਸੁਣ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਭਾਈ ਤੂੰ ਬੂੜਾ ਨਹੀਂ ਤੂੰ ਤੇ ਬੁੱਢਾ ਹੈਂ।
ਬਾਬਾ ਬੁੱਢਾ ਜੀ ਹਮੇਸ਼ਾ ਹੀ ਪ੍ਰਭੂ ਦੀ ਬੰਦਗੀ ‘ਚ ਲੀਨ ਰਹਿੰਦੇ। 1590ਈ ਵਿੱਚ ਆਪ ਜੀ ਦਾ ਵਿਆਹ ਬੀਬੀ ਮਿਰੋਆ ਜੀ ਨਾਲ ਹੋਇਆ। ਬਾਬਾ ਬੁੱਢਾ ਸਾਹਿਬ ਜੀ ਗ੍ਰਿਹਸਤੀ ਧਰਮ ਨਿਭਾਉਣ ਦੇ ਨਾਲ – ਨਾਲ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਹਾਜਰੀ ਵੀ ਲਾ ਕੇ ਆਉਦੇ ਸਨ । ਬਾਬਾ ਬੁੱਢਾ ਸਾਹਿਬ ਜੀ ਦੇ ਘਰ ਜਦੋ ਦੋ ਪੁੱਤਰਾ ਨੇ ਜਨਮ ਲਿਆ ਤਾ ਬਾਬਾ ਜੀ ਦੇ ਪਿਤਾ ਸੁੱਘਾ ਜੀ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ । ਅਜੇ ਪਿਤਾ ਜੀ ਦੀ ਸਤਾਰਵੀ ਨਹੀ ਕੀਤੀ ਕਿ ਮਾਤਾ ਗੌਰਾ ਜੀ ਵੀ ਪਤੀ ਦੇ ਪਿਛੇ ਸੱਚਖੰਡ ਜਾ ਬਿਰਾਜੇ ਗੁਰੂ ਨਾਨਕ ਸਾਹਿਬ ਜੀ ਆਏ ਤੇ ਹੱਥੀ ਦਸਤਾਰ ਸਜਾ ਕੇ ਘਰ ਦੀ ਸਾਰੀ ਜਿਮੇਵਾਰੀ ਬਾਬਾ ਬੁੱਢਾ ਜੀ ਮੋਢਿਆਂ ਤੇ ਪਾ ਦਿੱਤੀ । ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਚੇ ਪਾਤਸ਼ਾਹ ਘਰ ਦੀ ਜਿੰਮੇਵਾਰੀ ਨਿਭਾਉਦੇ ਹੋਏ ਆਪ ਤੋ ਦੂਰ ਨਾ ਹੋ ਜਾਵਾ । ਮਿਹਰ ਕਰਿਉ ਆਪ ਜੀ ਦੇ ਚਰਨਾਂ ਨਾਲ ਜੁੜਿਆ ਰਹਾ ਗੁਰੂ ਜੀ ਨੇ ਖੁਸ਼ ਹੋ ਕੇ ਆਖਿਆ ਬਾਬਾ ਜੀ ਮੈ ਤੁਹਾਡੇ ਤੋ ਦੂਰ ਨਾ ਹੋਸਾਂ । ਬਾਬਾ ਬੁੱਢਾ ਜੀ ਦੇ ਦੋ ਪੁੱਤਰ ਹੋਰ ਹੋਏ ਜਿਨਾ ਦੇ ਨਾਮ ਇਸ ਤਰਾ ਹੈ ਭਾਈ ਸਿਧਾਰੀ ਜੀ ਭਾਈ ਭਿਖਾਰੀ ਜੀ ਭਾਈ ਮਹਿਮੂ ਜੀ ਤੇ ਸਭ ਤੋ ਛੋਟੇ ਭਾਈ ਭਾਨਾ ਜੀ । ਬਾਬਾ ਬੁੱਢਾ ਜੀ ਨੇ ਆਪਣਾ ਜੀਵਨ ਮਨੁੱਖਤਾ ਦੀ ਸੇਵਾ ਵਿੱਚ ਲਗਾਇਆ ਅਤੇ ਗੁਰੂ ਜੀ ਦੇ ‘ਨਾਮ ਜਪਣ, ਕਿਰਤ ਕਰਨ ਅਤੇ ਵੰਡ ਕੇ ਛਕਣ’ ਦੇ ਉਪਦੇਸ਼ ਨੂੰ ਕਮਾ ਕੇ ਦਿਖਾਇਆ। ਗੁਰੂ ਨਾਨਕ ਦੇਵ ਜੀ ਉਹਨਾਂ ਉੱਪਰ ਬਹੁਤ ਪ੍ਰਸੰਨ ਸਨ ਅਤੇ ਜਦੋਂ ਗੁਰੂ ਜੀ ਨੇ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ, ਤਾਂ ਗੁਰੂ ਜੀ ਨੇ ਗੁਰਿਆਈ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਅਦਾ ਕਰਵਾਈ ਸੀ। ਮਗਰੋਂ ਤੀਜੀ, ਚੌਥੀ, ਪੰਜਵੀਂ ਤੇ ਛੇਵੀਂ ਪਾਤਸ਼ਾਹੀ ਨੂੰ ਗੁਰਤਾ ਦੀ ਰਸਮ ਵੀ ਬਾਬਾ ਬੁੱਢਾ ਜੀ ਹੀ ਕਰਦੇ ਰਹੇ।
ਜਦੋਂ ਮੁਗਲ ਬਾਦਸ਼ਾਹ ਅਕਬਰ ਨੇ ਚਿਤੌੜ ਦਾ ਕਿਲ੍ਹਾ ਫਤਹਿ ਕੀਤਾ ਤਾਂ ਖੁਸ਼ੀ ਵਿੱਚ ਝਬਾਲ ਦਾ ਇੱਕ ਪਰਗਣਾ ਉਸ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾ ‘ਚ ਭੇਂਟ ਕੀਤਾ। ਗੁਰੂ ਜੀ ਇਸ ਪਰਗਣੇ ਦੀ ਸੇਵਾ ਸੰਭਾਲ ਬਾਬਾ ਬੁੱਢਾ ਜੀ ਨੂੰ ਸੌਂਪ ਦਿੱਤੀ। ਇਸੇ ਥਾਂ ‘ਤੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਸੰਤਾਨ ਪ੍ਰਾਪਤੀ ਲਈ ਬਾਬਾ ਬੁੱਢਾ ਜੀ ਨੂੰ ਮਿਲਣ ਪਹੁੰਚੇ ਸਨ। ਬਾਬਾ ਬੁੱਢਾ ਜੀ ਨੇ ਇਸ ਧਰਤੀ ‘ਤੇ ਹੀ ਮਾਤਾ ਗੰਗਾ ਜੀ ਦੇ ਜਰੀਏ ਗੁਰੂ ਪਾਸੋਂ ਮੰਗਣ ਦੀ ਜਾਂਚ ਦੱਸੀ ਸੀ। ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਸੀ ਕਿ ਆਪ ਜੀ ਦੇ ਘਰ ਅਜਿਹਾ ਬਲਸ਼ਾਲੀ ਬਲਵਾਨ ਪੁੱਤਰ ਪੈਦਾ ਹੋਵੇਗਾ ਜਿਸ ਤੋਂ ਮੁਗਲ ਵੀ ਥਰ ਥਰ ਕੰਬਣਗੇ। ਆਪ ਜੀ ਦੇ ਆਸ਼ੀਰਵਾਦ ਸਦਕਾ ਹੀ ਮਾਤਾ ਗੰਗਾ ਜੀ ਦੇ ਘਰ ਛੇਵੀਂ ਨਾਨਕ ਜੋਤ ਸ੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਨੇ ਪ੍ਰਕਾਸ਼ ਧਾਰਿਆ।
ਬਾਬਾ ਬੁੱਢਾ ਜੀ ਦਾ ਜਦੋਂ ਅੰਤਿੰਮ ਸਮਾਂ ਆਇਆ ਤਾਂ ਉਨ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਯਾਦ ਕਰਦਿਆਂ ਦਰਸ਼ਨ ਦੀਦਾਰ ਦੇਣ ਦੀ ਬੇਨਤੀ ਕੀਤੀ। ਜਿਸ ਨੂੰ ਕਬੂਲ ਕਰਦਿਆਂ ਗੁਰੂ ਜੀ ਰਮਦਾਸ ਵਿਖੇ ਪਹੁੰਚੇ। ਗੁਰੂ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਬਾਬਾ ਜੀ 125 ਸਾਲ ਦੀ ਲੰਬੀ ਆਰਜੂ ਭੋਗਦਿਆਂ ਗੁਰਪੁਰੀ ਪਿਆਨਾ ਕਰ ਗਏ।
ਰਜਿੰਦਰ ਸਿੰਘ