ਪਟਿਆਲਾ: ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਲੁਧਿਆਣਾ ‘ਚ ਰੈਲੀ ਕਰਨ ਤੋਂ ਬਾਅਦ ਪਟਿਆਲਾ ਪਹੁੰਚੇ ਹਨ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤ ਮਾਤਾ ਦੀ ਜੈਘੋਸ਼ ਨਾਲ ਭਾਸ਼ਣ ਦੀ ਸ਼ੁਰੂਆਤ ਕੀਤੀ।
ਜਿੱਥੇ ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਪੀ.ਐਮ. ਮੋਦੀ ਅਤੇ ਭਾਜਪਾ ਸਰਕਾਰ ਨੂੰ ਇਕ ਮੌਕਾ ਦੇਣ ਦੀ ਅਪੀਲ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ ‘ਤੇ ਪੰਜਾਬ ‘ਚੋਂ ਨਸ਼ਿਆਂ ਦਾ ਖ਼ਾਤਮਾ ਹੋਵੇਗਾ। ਸਾਡਾ ਟੀਚਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਤੁਸੀਂ ਅਜਿਹੀ ਸਰਕਾਰ ਚੁਣੋ ਜੋ ਪੰਜਾਬ ਦੇ ਵਿਕਾਸ ਲਈ ਕੇਂਦਰ ਨਾਲ ਮਿਲ ਕੇ ਕੰਮ ਕਰੇ।ਸ਼ਾਹ ਨੇ ਕਿਹਾ ਕਿ ਐਨਡੀਏ ਦੇ ਮੈਨੀਫੈਸਟੋ ‘ਚ 11 ਮੁੱਦੇ ਹਨ। ਪੰਜਾਬ ਦੀ ਸੁਰੱਖਿਆ ਜ਼ਰੂਰੀ ਹੈ, ਪੰਜਾਬ ਨੂੰ ਮਜ਼ਬੂਤ ਹੱਥਾਂ ਦੀ ਲੋੜ ਹੈ।ਸ਼ਾਹ ਨੇ ਕਿਹਾ ਕਿ ਹੁਣ ਪੰਜਾਬ ਨੂੰ ਮਜ਼ਬੂਤ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਲੋੜ ਹੈ। ਕੇਜਰੀਵਾਲ ਤੇ ਹੋਰ ਪੰਜਾਬ ਦੀ ਰਾਖੀ ਨਹੀਂ ਕਰ ਸਕਦੇ। ਪੰਜਾਬ ਨੂੰ ਨਸ਼ਾ ਮੁਕਤ ਸਿਰਫ ਐਨਡੀਏ ਕਰ ਸਕਦਾ ਹੈ।
ਸ਼ਾਹ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ ਗੱਲਾਂ ਤਾਂ ਸਾਰੇ ਕਰਦੇ ਹਨ ਪਰ ਅਸੀਂ ਕਰ ਕੇ ਦਿਖਾਵਾਂਗੇ। ਹੁਣ ਪੰਜਾਬ ਦੀ ਖੇਤੀ ਨੂੰ ਰਸਾਇਣ ਮੁਕਤ ਕੀਤਾ ਜਾਵੇਗਾ ਤੇ ਆਰਗੈਨਿਕ ਤੇ ਕੁਦਰਤੀ ਖੇਤੀ ਨਾਲ ਕਿਸਾਨਾਂ ਦੀ ਆਮਦਨ ਚ ਵਾਧਾ ਕੀਤਾ ਜਾਵੇਗਾ।