ਨਵੀਂ ਦਿੱਲੀ: ਲੋਕ ਸਭਾ ਚੋਣਾਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਅੰਦਰ ਕਈ ਲੀਡਰ ਨਾਰਾਜ਼ ਚੱਲ ਰਹੇ ਹਨ। ਜਿਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਕੀਤੀ ਗਈ ਹੈ। ਸੋਨੀਆ ਗਾਂਧੀ ਨੇ ਆਪਣੀ ਰਿਹਾਇਸ਼ ‘ਤੇ ਪਾਰਟੀ ਤੋਂ ਨਾਰਾਜ਼ ਚੱਲ ਰਹੇ 23 ਲੀਡਰਾਂ ਨੂੰ ਮੀਟਿੰਗ ਲਈ ਸੱਦਿਆ ਹੈ।
ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਪਾਰਟੀ ‘ਚ ਸੁਧਾਰਾਂ ਦੀ ਮੰਗ ਕਰਨ ਵਾਲੇ ਲੀਡਰਾਂ ਦੇ ਨਾਲ ਸੋਨੀਆ ਗਾਂਧੀ ਆਹਮੋ-ਸਾਹਮਣੇ ਗੱਲਬਾਤ ਕਰਨਗੇ। ਹਾਲਾਂਕਿ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਜਿਹੜੇ-ਜਿਹੜੇ ਸੂਬਿਆਂ ਦੇ ਵਿੱਚ ਕਾਂਗਰਸੀ ਲੀਡਰ ਨਾਰਾਜ਼ ਚੱਲ ਰਹੇ ਹਨ, ਉਨ੍ਹਾਂ ਨੂੰ ਮਨਾਉਣ ਦੇ ਲਈ ਸੂਬਾ ਇੰਚਾਰਜ ਨਿਯੁਕਤ ਕੀਤੇ ਗਏ ਹਨ ਅਤੇ ਸਾਰੀ ਡੋਰ ਉਨ੍ਹਾਂ ਦੇ ਹੱਥ ਵਿੱਚ ਦਿੱਤੀ ਹੋਈ ਸੀ।
ਅੱਜ ਸੋਨੀਆ ਗਾਂਧੀ ਖ਼ੁਦ ਇਨ੍ਹਾਂ ਲੀਡਰਾਂ ਦੇ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਦੀਆਂ ਮੰਗਾਂ ਸੁਣਨਗੇ। ਇਸ ਮੀਟਿੰਗ ਵਿੱਚ ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ, ਕਪਿਲ ਸਿੱਬਲ ਤੋਂ ਇਲਾਵਾ ਕਾਂਗਰਸ ਵਰਕਿੰਗ ਕਮੇਟੀ ਦੇ ਕਈ ਲੀਡਰ ਵੀ ਸ਼ਾਮਲ ਹੋਣਗੇ।
ਪੰਜਾਬ ਵਿਚ ਕਾਂਗਰਸ ਹਾਈਕਮਾਨ ਵੱਲੋਂ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਇੰਚਾਰਜ ਲਗਾਇਆ ਗਿਆ। ਹਰੀਸ਼ ਰਾਵਤ ਨੂੰ ਵੀ ਰੁੱਸੇ ਹੋਏ ਵੱਡੇ ਚਿਹਰੇ ਮਨਾਉਣ ਦੇ ਲਈ ਪੰਜਾਬ ਭੇਜਿਆ ਗਿਆ ਸੀ। ਹਰੀਸ਼ ਰਾਵਤ ਨੇ ਇਸ ਦੀ ਸ਼ੁਰੂਆਤ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਪੰਜਾਬ ਦੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਤੋਂ ਕੀਤੀ ਸੀ। ਜਿਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਹੁਣ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਸਿਆਸੀ ਦੂਰੀਆਂ ਘੱਟ ਹੁੰਦੀਆਂ ਦਿਖਾਈ ਦਿੱਤੀਆਂ ਹਨ। ਹਰੀਸ਼ ਰਾਵਤ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨਾਲ ਦੁਪਹਿਰ ਦਾ ਭੋਜਨ ਕੀਤਾ ਸੀ। ਇਸ ਲੰਚ ਮੀਟਿੰਗ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਚੰਗਾ ਸੁਨੇਹਾ ਦੱਸਿਆ ਸੀ।