ਚੰਡੀਗੜ੍ਹ : ਦਿੱਲੀ ਧਮਾਕੇ ਤੋਂ ਬਾਅਦ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ‘ਚ ਚੌਕਸੀ ਵਧਾ ਦਿੱਤੀ ਗਈ ਹੈ। ਪੁਲਿਸ ਹਾਈ ਅਲਰਟ ‘ਤੇ ਹੈ। ਦਿੱਲੀ ਬੰਬ ਧਮਾਕਿਆਂ ਤੋਂ ਬਾਅਦ ਪੰਜਾਬ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ, ਜਿਸ ਦਾ ਅਸਰ ਸਰਹੱਦੀ ਜ਼ਿਲ੍ਹਿਆਂ ‘ਚ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ।
ਪੁਲਿਸ ਨੇ ਜੰਮੂ ਦੇ ਨਾਲ ਲੱਗਦੇ ਸਰਹੱਦੀ ਸ਼ਹਿਰ ਪਠਾਨਕੋਟ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਪੁਲਿਸ ਵੱਲੋਂ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਦੇ ਨਾਲ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜੰਮੂ ਤੋਂ ਪੰਜਾਬ ਜਾਂ ਪੰਜਾਬ ਤੋਂ ਜੰਮੂ ਆਉਣ ਵਾਲੇ ਕਿਸੇ ਵੀ ਵਾਹਨ ਨੂੰ ਬਿਨਾਂ ਤਲਾਸ਼ੀ ਦੇ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਧਮਾਕਿਆਂ ਤੋਂ ਬਾਅਦ ਸਵੇਰ ਤੋਂ ਸ਼ਾਮ ਤੱਕ ਜਨਤਕ ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਰਾਤ ਦੇ ਸਮੇ ਵੀ ਗਸ਼ਤ ਵਧਾ ਦਿੱਤੀ ਗਈ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕੁਝ ਵੀ ਸ਼ੱਕੀ ਦੇਖਦੇ ਹਨ ਤਾਂ 112 ‘ਤੇ ਕਾਲ ਕਰਕੇ ਉਨ੍ਹਾਂ ਨੂੰ ਸੂਚਿਤ ਕਰਨ।
ਦੱਸ ਦਈਏ ਕਿ ਮਾਧੋਪੁਰ ਐਂਟਰੀ ਪੁਆਇੰਟ ‘ਤੇ ਵੀ ਲਗਭਗ 50 ਪੁਲਿਸ ਕਰਮਚਾਰੀ ਤਾਇਨਾਤ ਹਨ। ਪੁਲਿਸ ਕਰਮਚਾਰੀ ਵਾਹਨਾਂ ਦੀ ਡਿੱਗੀ, ਯਾਤਰੀਆਂ ਦੇ ਬੈਗਾਂ ਦੀ ਤਲਾਸ਼ੀ ਲੈ ਰਹੇ ਹੈ। ਪਛਾਣ ਪੱਤਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਲੋਕਾਂ ਦੇ ਆਉਣ – ਜਾਣ ਦੇ ਸਥਾਨ ਦੇ ਵੇਰਵੇ ਦਰਜ ਕੀਤੇ ਜਾ ਰਹੇ ਹਨ। ਐਂਟਰੀ ਕਰਨ ਤੋਂ ਬਾਅਦ ਹੀ ਪੁਲਿਸ ਉਨ੍ਹਾਂ ਨੂੰ ਅੱਗੇ ਵਧਣ ਦੀ ਆਗਿਆ ਦੇ ਰਹੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਮਾਂਡ ਐਂਡ ਕੰਟਰੋਲ ਸੈਂਟਰ ਤੋਂ ਪੂਰੇ ਨਿਗਰਾਨੀ ਸਿਸਟਮ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਪੁਲਿਸ ਖੁਫੀਆ ਵਿੰਗ ਵੀ ਜਾਣਕਾਰੀ ਇਕੱਠੀ ਕਰਨ ਵਿੱਚ ਸਰਗਰਮੀ ਨਾਲ ਰੁੱਝਿਆ ਹੋਇਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੰਜਾਬ ਦਾ ਮਾਹੌਲ ਕਿਸੇ ਵੀ ਤਰ੍ਹਾਂ ਖਰਾਬ ਨਾ ਹੋਵੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

