ਨਵੀਂ ਦਿੱਲੀ : ਫੇਸਬੁੱਕ, ਟਵਿੱਟਰ, ਇੰਸਟਾਗਰਾਮ ਅਤੇ ਯੂਟਿਊਬ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਹੁਣ ਨਾਮੀ ਹਸਤੀਆਂ , ਵੱਡੇ ਬਿਜ਼ਨੈੱਸਮੈਨਜ਼ ਤੇ ਇਥੋਂ ਤੱਕ ਕਿ ਆਮ ਆਦਮੀ ਦੇ ਫੇਕ ਅਕਾਊਂਟ ‘ਤੇ ਰੋਕ ਲੱਗ ਸਕੇਗੀ। ਕੇਂਦਰ ਸਰਕਾਰ ਨੇ ਨਵੇਂ ਆਈਟੀ ਨਿਯਮਾਂ ਦੇ ਤਹਿਤ ਸੋਸ਼ਲ ਮੀਡਿਆ ਕੰਪਨੀਆਂ ਨੂੰ ਸ਼ਿਕਾਇਤ ਦੇ 24 ਘੰਟੇ ਦੇ ਅੰਦਰ ਫੇਕ ਅਕਾਊਂਟ ਨੂੰ ਬੰਦ ਕਰਨਾ ਲਾਜ਼ਮੀ ਕਰ ਦਿੱਤਾ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਨਵੇਂ ਆਈਟੀ ਨਿਯਮਾਂ ਦਾ ਹਿੱਸਾ ਹੈ। ਇਸ ਲਈ ਸੋਸ਼ਲ ਮੀਡੀਆ ਦਿੱਗਜਾਂ ਨੂੰ ਇਸ ਦੀ ਸ਼ਿਕਾਇਤ ਮਿਲਣ ‘ਤੇ ਤੁਰੰਤ ਕਾਰਵਾਈ ਕਰਨੀ ਹੋਵੇਗੀ।
ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਕਦਮ ਭਾਰਤ ਵਿਚ ਸੋਸ਼ਲ ਮੀਡੀਆ ‘ਤੇ ਝੂਠੀਆਂ ਖ਼ਬਰਾਂ ਦੇ ਪ੍ਰਚਾਰ ‘ਤੇ ਰੋਕ ਲਾਉਣ ਲਈ ਚੁੱਕਿਆ ਗਿਆ ਹੈ।
ਉਦਾਹਰਣ ਵੱਜੋਂ ਜੇਕਰ ਕੋਈ ਯੂਜ਼ਰ ਆਪਣੀ ਪੋਸਟ ਜਾਂ ਤਸਵੀਰ ਜਲਦੀ ਵਾਇਰਲ ਕਰਨ ਲਈ ਮਸ਼ਹੂਰ ਅਦਾਕਾਰ, ਕ੍ਰਿਕਟਰ, ਆਗੂ ਜਾਂ ਕਿਸੇ ਹੋਰ ਵਿਅਕਤੀ ਦੀ ਤਸਵੀਰ ਦਾ ਇਸਤੇਮਾਲ ਕਰਦਾ ਹੈ ਤਾਂ ਕੰਪਨੀਆਂ ਉਸ ਦਾ ਅਕਾਊਂਟ ਬੰਦ ਕਰ ਸਕਦੀਆਂ ਹਨ।
ਇਸ ਤੋਂ ਇਲਾਵਾ ਗ਼ੈਰ-ਕਾਨੂੰਨੀ ਗਤੀਵਿਧੀਆਂ ਲਈ ਵਰਤਣ ‘ਤੇ ਵੀ ਤੁਰੰਤ ਕਾਰਵਾਈ ਦਾ ਨਿਯਮ ਬਣਾਇਆ ਗਿਆ ਹੈ। ਨਵੇਂ ਆਈਟੀ ਨਿਯਮਾਂ ਅਨੁਸਾਰ ਸੋਸ਼ਲ ਮੀਡੀਆ ਕੰਪਨੀਆਂ ਨੂੰ ਸ਼ਿਕਾਇਤ ਮਿਲਣ ਦੇ ਇਕ ਦਿਨ ਦੇ ਅੰਦਰ-ਅੰਦਰ ਕਾਰਵਾਈ ਕਰਨੀ ਪਵੇਗੀ।