ਵਾਤਾਵਰਣ ਸੰਤੁਲਨ ਬਣਾਈ ਰੱਖਣ ‘ਚ ਸੱਪਾਂ ਦੀ ਅਹਿਮ ਭੂਮਿਕਾ

TeamGlobalPunjab
4 Min Read

ਚੰਡੀਗੜ੍ਹ (ਅਵਤਾਰ ਸਿੰਘ): ਭਾਰਤ ਵਿਚ ਹਰ ਸਾਲ ਬਹੁਤ ਸਾਰੇ ਲੋਕਾਂ ਦੀ ਮੌਤ ਸੱਪ ਦੇ ਡੰਗਣ ਕਾਰਨ ਹੁੰਦੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਆਮ ਜਨ ਸਧਾਰਨ ਨੂੰ ਇਹ ਦੱਸਿਆ ਜਾਵੇ ਕਿ ਸੱਪਾਂ ਤੋਂ ਕਿਵੇਂ ਬਚਾਅ ਕਰਨਾ ਹੈ ਭਾਵ ਕਿਹੜੀਆਂ -ਕਿਹੜੀਆਂ ਸਾਵਧਾਨੀਆਂ ਵਰਤੀਆਂ ਜਾਣੀਆਂ ਚਾਹੀਦੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਪ੍ਰਸਿੱਧ ਜੰਗਲੀ ਜੀਵ ਫ਼ੋਟੋਗ੍ਰਾਫ਼ਰ ਅਤੇ ਸੱਪਾਂ ਦੀ ਸਾਂਭ-ਸੰਭਾਲ ਪ੍ਰਤੀ ਅਗਰਸਰ ਸ੍ਰੀ ਯਸ਼ ਸਿੰਘ ਨੇ ਸਾਇੰਸ ਸਿਟੀ ਵਲੋਂ “ ਸੱਪਾਂ ਦੀ ਖੋਜ” ਦੇ ਵਿਸ਼ੇ ‘ਤੇ ਕਰਵਾਏ ਗਏ ਵੈੱਬਨਾਰ ਦੌਰਾਨ ਕੀਤਾ। ਇਸ ਵੈਬਨਾਰ ਵਿਚ ਕੋਈ 400 ਦੇ ਕਰੀਬ ਵਿਦਿਆਰਥੀਆਂ ਤੇ ਅਧਿਆਪਕਾ ਨੇ ਹਿੱਸਾ ਲਿਆ।

ਉਨਾਂ ਅੱਗੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੇ ਵਿਸ਼ਵ ਵਿਚ ਸੱਪਾਂ ਦੀਆਂ ਲਗਭਗ 3600 ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਭਾਰਤ ਵਿਚ ਲਗਭਗ 300 ਤੋਂ ਵੱਧ ਤਰ੍ਹਾਂ ਦੇ ਸੱਪਾਂ ਪਾਏ ਜਾਂਦੇ ਹਨ। ਹੋਰ ਸੱਪਾਂ ਦੀਆਂ ਪ੍ਰਜਾਤੀਆਂ ਨੂੰ ਲੱਭਣ ਦਾ ਕੰਮ ਅਜੇ ਜਾਰੀ ਹੈ । ਬਹੁਤ ਸਾਰੇ ਲੋਕ ਨਵੀਆਂ -ਨਵੀਆਂ ਤਕਨੀਕਾਂ ਦੀ ਵਰਤੋਂ ਕਰਕੇ ਸੱਪਾਂ ਦੀਆਂ ਕਿਸਮਾਂ ਦੀ ਭਾਲ ਵੱਲ ਅਗਰਸਰ ਹਨ। ਇਹ ਦੇਖਿਆ ਗਿਆ ਹੈ ਕਿ ਸੱਪਾਂ ਦੇ ਡੰਗਣ ਦੀਆਂ ਘਟਨਾਵਾਂ ਜ਼ਿਆਦਾਤਰ ਉਦੋਂ ਹੁੰਦੀਆਂ ਹਨ, ਜਦੋਂ ਉਹਨਾਂ ਨੂੰ ਮਾਰਨ ਦੀ ਕੋਸਿਸ਼ ਕੀਤੀ ਜਾਂਦੀ ਹੈ। ਜੇਕਰ ਸੱਪਾਂ ਨੂੰ ਇਕਾਂਤ ਵਿਚ ਛੱਡ ਦਿੱਤਾ ਜਾਵੇ ਅਤੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਤਾਂ ਉਹ ਸਾਡੇ ਲਈ ਖਤਰਨਾਕ ਨਹੀਂ ਹਨ। ਸੱਪ ਸਿਰਫ਼ ਆਪਣੇ ਬਚਾਅ ਲਈ ਹੀ ਡੰਗ ਮਾਰਦੇ ਹਨ।

ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਜੀਵਾਂ ਦੀਆਂ ਸਾਰੀਆਂ ਪ੍ਰਜਾਤੀਆਂ ਦਾ ਭੋਜਨ ਬੜਾ ਹੀ ਗੁੰਝਲਦਾਰ ਤੇ ਅਹਿਮ ਹੈ ਜੋ ਕੇ ਇਹਨਾਂ ਦੀ ਜਨ ਸੰਖਿਆ ਦੇ ਸਤੁੰਲਨ ਨੂੰ ਬਣਾਈ ਰੱਖਦਾ ਹੈ।ਜਿਵੇਂ ਜੇਕਰ ਸੱਪ ਨਾ ਹੋਣੇਗੇ ਤਾਂ ਸੱਪਾਂ ਦਾ ਭੋਜਨ ਬਣਦੀਆਂ ਕਈ ਤਰਾਂ ਦੀਆਂ ਸ਼ਿਕਾਰ ਪ੍ਰਜਾਤੀਆਂ ਵਿਚ ਅਸੁਭਾਵਿਕ ਤੌਰ ‘ਤੇ ਬਹੁਤ ਜ਼ਿਆਦਾ ਵਾਧਾ ਹੋ ਜਾਵੇਗਾ, ਜਿਸ ਨਾਲ ਵਾਤਾਵਰਣ ਸਥਿਰਤਾ ਨਸ਼ਟ ਹੋ ਜਾਵੇਗੀ ਅਤੇ ਇਸ ਦੇ ਨਾਲ ਹੀ ਸੱਪਾਂ ਦਾ ਸ਼ਿਕਾਰ ਕਰਨ ਵਾਲੇ ਵੀ ਭੁੱਖੇ ਮਰ ਜਾਣਗੇ। ਉਨਾਂ ਕਿਹਾ ਕਿ ਜੈਵਿਕ -ਵਿਭਿੰਨਤਾ ਸਾਡੀ ਸਿਹਤ ਅਤੇ ਵਾਤਾਵਰਣ ਸੰਤੁਲਨ ਨੂੰ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹੈ। ਸੱਪ ਜੈਵਿਕ-ਵਿਭਿੰਨਤਾ ਦੇ ਨਾਲ -ਨਾਲ ਕੁਦਰਤੀ ਵਾਤਾਵਰਣ ਦਾ ਵੀ ਅਹਿਮ ਹਿੱਸਾ ਹਨ । ਉਨਾਂ ਕਿਹਾ ਕਿ ਅਲੱਗ-ਅਲੱਗ ਖਿੱਤਿਆਂ ਵਿਚ ਸੱਪਾਂ ਦੀਆਂ ਕਿਸਮਾਂ ਵੀ ਅਲੱਗ- ਅਲੱਗ ਹਨ ਜਿਵੇਂ ਕਿ ਵਾਤਾਵਰਣ ਦੇ ਅਨੁਸਾਰ ਮਾਰੂਥਲ ਵਿਚ ਅਲੱਗ,ਹਰਭਰੇ ਘਾਹ ਵਾਲੇ ਖੇਤਰਾਂ ਵਿਚ ਅਲੱਗ ਤਰਾਂ ਦੇ ਅਤੇ ਜੰਗਲੀ ਇਲਾਕਿਆਂ ਵਿਚ ਅਲੱਗ ਤਰਾਂ ਦੇ ਸੱਪ ਪਾਏ ਜਾਂਦੇ ਹਨ। ਸੱਪਾਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਨੇ ਮਨੁੱਖ ਨਾਲ ਰਹਿਣਾ ਸਿੱਖ ਲਿਆ ਅਤੇ ਹੁਣ ਸਾਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਵੀ ਸੱਪਾਂ ਨਾਲ ਸੁਰੱਖਿਅਤ ਰਹਿ ਸਕਦੇ ਹਾਂ।

- Advertisement -

ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਵੀ ਹਾਜ਼ਰ ਸਨ। ਉਨਾਂ ਜੋਰ ਦੇ ਕੇ ਆਖਿਆ ਕਿ ਹੁਣ ਸੱਪ ਦੇ ਡੰਗਣ ‘ਤੇ ਸੱਪ ਵਿਰੋਧੀ ਜ਼ਹਿਰ (ਐਂਟੀ ਸਨੇਕ ਵਿਨੋਕ) ਦਵਾਈਆਂ ਵੀ ਅਸਾਨੀ ਨਾਲ ਮਿਲਣ ਲਗ ਪਾਈਆਂ ਹਨ, ਜਿਹਨਾਂ ਨਾਲ ਸੱਪ ਦੇ ਡੰਗੇ ਦਾ ਇਲਾਜ ਹੋ ਸਕਦਾ ਹੈ। ਇਸ ਲਈ ਅਜਿਹੀ ਘਟਨਾ ਵਾਪਰਨ ‘ਤੇ ਪੀੜਤ ਵਿਅਕਤੀ ਨੂੰ ਜਲਦ ਤੋਂ ਜਲਦ ਇਲਾਜ ਲਈ ਹਸਤਪਾਲ ਵਿਖੇ ਲਿਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਜੇਕਰ ਮੌਕੇ ‘ਤੇ ਇਲਾਜ ਕੀਤਾ ਜਾਵੇ ਤਾਂ ਪੀੜਤ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ। ਉਨਾਂ ਕਿਹਾ ਕਿ ਅੱਜ ਵੀ ਬਹੁਤ ਸਾਰੇ ਲੋਕ ਹਸਪਤਾਲਾਂ ਪਹੁੰਚਣ ਦੀ ਥਾਂ ਪੁਰਾਤਨ ਨੁਸਖਿਆਂ ਨੂੰ ਪਹਿਲ ਦਿੰਦੇ ਹਨ ਜੋ ਕਿ ਨੁਕਸਾਨਦਾਇਕ ਹੋ ਸਕਦੇ ਹਨ।

Share this Article
Leave a comment